DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਕੁਆਡ’ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ

ਪਾਕਿ ਨੂੰ ਸਾਜ਼ਿਸ਼ਘਾੜਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ
  • fb
  • twitter
  • whatsapp
  • whatsapp
Advertisement

ਅਜੈ ਬੈਨਰਜੀ/ਪੀਟੀਆਈ

ਨਵੀਂ ਦਿੱਲੀ, 2 ਜੁਲਾਈ

Advertisement

ਪਾਕਿਸਤਾਨ ਦੀ ਸ਼ਹਿ ਹਾਸਲ ਅਤਿਵਾਦ ਕਾਰਨ ਭਾਰਤ ਵੱਲੋਂ ਪਾਏ ਜਾ ਰਹੇ ਦਬਾਅ ਦਰਮਿਆਨ ਚਾਰ ਮੁਲਕਾਂ ਦੇ ਸਮੂਹ ‘ਕੁਆਡ’ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਹੈ। ਸਮੂਹ ਨੇ ਪਾਕਿਸਤਾਨ ਦਾ ਨਾਮ ਲਏ ਬਗੈਰ ਉਸ ਨੂੰ ਇਸ ‘ਨਿੰਦਣਯੋਗ’ ਕਾਰੇ ਦੇ ਅਪਰਾਧੀਆਂ, ਸਾਜ਼ਿਸ਼ ਘਾੜਿਆਂ ਤੇ ਵਿੱਤੀ ਮਦਦ ਕਰਨ ਵਾਲਿਆਂ ਖਿਲਾਫ਼ ਕਾਰਵਾਈ ਲਈ ਕਿਹਾ ਹੈ। ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਬੀਤੇ ਦਿਨ ਵਾਸ਼ਿੰਗਟਨ ਡੀਸੀ ਵਿਚ ਮੁੁਲਾਕਾਤ ਕਰਕੇ ਸਾਂਝਾ ਬਿਆਨ ਜਾਰੀ ਕੀਤਾ, ਜਿਸ ਵਿਚ ਅਤਿਵਾਦ ਤੇ ਅਪਰੈਲ ਮਹੀਨੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦਾ ਵੀ ਜ਼ਿਕਰ ਸੀ। ‘ਕੁਆਡ’ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਜਾਪਾਨ ਤੇ ਆਸਟਰੇਲੀਆ ਸ਼ਾਮਲ ਹਨ। ਬਿਆਨ ਵਿੱਚ ਹਾਲਾਂਕਿ ਭਾਰਤੀ ਤੇ ਪਾਕਿਸਤਾਨੀ ਸੈਨਾਵਾਂ ਵਿਚਾਲੇ ਚਾਰ ਦਿਨ ਤੱਕ ਚੱਲੇ ਫੌਜੀ ਸੰਘਰਸ਼ ਦਾ ਜ਼ਿਕਰ ਨਹੀਂ ਕੀਤਾ ਗਿਆ। ਮੀਟਿੰਗ ’ਚ ਇਸ ਸਾਲ ਮੁੰਬਈ ’ਚ ‘ਭਵਿੱਖ ਦੀ ਕੁਆਡ ਬੰਦਰਗਾਹ’ ਭਾਈਵਾਲੀ ਸ਼ੁਰੂ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ।

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਪਣੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ‘‘(ਅਸੀਂ) ਅਤਿਵਾਦ ਅਤੇ ਹਿੰਸਕ ਕੱਟੜਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ, ਜਿਸ ਵਿੱਚ ਸਰਹੱਦ ਪਾਰੋਂ ਅਤਿਵਾਦ ਵੀ ਸ਼ਾਮਲ ਹੈ, ਦੀ ਸਪੱਸ਼ਟ ਤੌਰ ’ਤੇ ਨਿੰਦਾ ਕਰਦੇ ਹਾਂ ਅਤੇ ਅਤਿਵਾਦ ਖਿਲਾਫ਼ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।’’ ਬਿਆਨ ਵਿਚ ਕਿਹਾ ਗਿਆ, ‘‘ਅਸੀਂ 22 ਅਪਰੈਲ, 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਜਿਸ ਵਿੱਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।’’

ਭਾਰਤ ਨੇ ਪਾਕਿਸਤਾਨ ਉੱਤੇ ਇਸ ਹਮਲੇ ਲਈ ਸਹਾਇਤਾ, ਉਕਸਾਉਣ, ਵਿੱਤ ਪੋਸ਼ਣ ਅਤੇ ਲੌਜਿਸਟੀਕਲ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਲਗਾਇਆ ਹੈ। ‘ਕੁਆਡ’ ਨੇ ਆਪਣੇ ਬਿਆਨ ਵਿੱਚ ਭਾਵੇਂ ਪਾਕਿਸਤਾਨ ਦਾ ਨਾਮ ਨਹੀਂ ਲਿਆ ਪਰ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿੱਥੇ ਇਸ਼ਾਰਾ ਕਰ ਰਿਹਾ ਸੀ। ਬਿਆਨ ਵਿੱਚ ‘ਸਰਹੱਦ ਪਾਰੋਂ’ ਅਤਿਵਾਦ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਇਸ ਤੋਂ ਬਾਅਦ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਗਈ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ‘ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਸਾਜ਼ਿਸ਼ਘਾੜਿਆਂ ਅਤੇ ਵਿੱਤੀ ਮਦਦ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।’’

ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਕੁਆਡ’ ਨੇ ਸਾਰੇ ਸੰਯੁਕਤ ਰਾਸ਼ਟਰ ਮੈਂਬਰ ਮੁਲਕਾਂ ਨੂੰ, ਕੌਮਾਂਤਰੀ ਕਾਨੂੰਨ ਅਤੇ ਸਬੰਧਤ ਯੂਐੱਨਐੱਸਸੀਆਰ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਅਨੁਸਾਰ, ਇਸ ਸਬੰਧ ਵਿੱਚ ਸਾਰੇ ਸਬੰਧਤ ਅਧਿਕਾਰੀਆਂ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਇੱਕ ਸੰਯੁਕਤ ਰਾਸ਼ਟਰ ਰਾਜ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਗੈਰ-ਸਥਾਈ ਮੈਂਬਰ ਵਜੋਂ ਇਸ ਮਹੀਨੇ ਨਿਸ਼ਚਿਤ ਮਿਆਦ ਲਈ ਯੂਐੱਨਐੱਸਸੀ ਦੀ ਅਗਵਾਈ ਕਰ ਰਿਹਾ ਹੈ।

ਇਸ ਸਮਾਗਮ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਉਨ੍ਹਾਂ ਦੇ ਆਸਟਰੇਲਿਆਈ ਅਤੇ ਜਾਪਾਨੀ ਹਮਰੁਤਬਾ ਕ੍ਰਮਵਾਰ ਪੈਨੀ ਵੋਂਗ ਅਤੇ ਤਾਕੇਸ਼ੀ ਇਵਾਯਾ ਮੌਜੂਦ ਸਨ। ‘ਕੁਆਡ’ ਦੇ ਵਿਦੇਸ਼ ਮੰਤਰੀ ਸਮੂਹ ਦੇ ਏਜੰਡੇ ਦੀ ਅਗਵਾਈ ਕਰਦੇ ਹਨ ਅਤੇ ਸਮੂਹ ਵੱਲੋਂ ਸਾਲ ਵਿਚ ਇਕ ਵਾਰ ਸੰਮੇਲਨ ਕਰਵਾਇਆ ਜਾਂਦਾ ਹੈ ਜਿਸ ਵਿੱਚ ਸਰਕਾਰ ਦੇ ਮੁਖੀ- ਅਮਰੀਕੀ ਰਾਸ਼ਟਰਪਤੀ ਅਤੇ ਭਾਰਤ, ਜਾਪਾਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ਼ਾਮਲ ਹੁੰਦੇ ਹਨ।

ਕੁਆਡ ਸਮੂਹ ਦੇ ਵਿਦੇਸ਼ ਮੰਤਰੀਆਂ ਨੇ ਪੂਰਬੀ ਚੀਨ ਸਾਗਰ ਤੇ ਦੱਖਣੀ ਚੀਨ ਸਾਗਰ ’ਚ ਚੀਨ ਦੀ ਵਧਦੀ ਫੌਜੀ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਚੀਨ ਦਾ ਸਿੱਧੇ-ਸਿੱਧੇ ਜ਼ਿਕਰ ਕੀਤੇ ਬਿਨਾਂ ਕਿਹਾ, ‘ਅਸੀਂ ਕਿਸੇ ਵੀ ਇਕਪਾਸੜ ਕਾਰਵਾਈ ਦਾ ਸਖ਼ਤ ਵਿਰੋਧ ਕਰਦੇ ਹਾਂ ਜਿਸ ’ਚ ਤਾਕਤ ਨਾਲ ਜਾਂ ਜਬਰੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’

ਅਹਿਮ ਖਣਿਜਾਂ ਦੇ ਸਪਲਾਈ ਲਈ ਨਵੀਂ ਪਹਿਲ ਦੀ ਸ਼ੁਰੂਆਤ

ਵਾਸ਼ਿੰਗਟਨ: ਅਹਿਮ ਖਣਿਜਾਂ ਦੀ ਸਪਲਾਈ ਯਕੀਨੀ ਬਣਾਉਣ ਦੇ ਮਕਸਦ ਨਾਲ ‘ਕੁਆਡ’ ਸਮੂਹ ਨੇ ਨਵੀਂ ਪਹਿਲ ‘ਕੁਆਡ ਕ੍ਰਿਟੀਕਲ ਮਿਨਰਲਜ਼ ਇਨੀਸ਼ੀਏਟਿਵ’ ਦੀ ਸ਼ੁਰੂਆਤ ਕੀਤੀ। ਇਹ ਕਦਮ ਆਰਥਿਕ ਸੁਰੱਖਿਆ ਨੂੰ ਮਜ਼ਬੂਤੀ ਦੇਣ ਦੀ ਦਿਸ਼ਾ ’ਚ ਇੱਕ ਵੱਡੀ ਕੋਸ਼ਿਸ਼ ਦਾ ਹਿੱਸਾ ਹੈ ਜੋ ਚੀਨ ਵੱਲੋਂ ਕਥਿਤ ਤੌਰ ’ਤੇ ਇਸ ਖੇਤਰ ’ਚ ਕੀਮਤਾਂ ਦੇ ਹੇਰਫੇਰ ਸਮੇਤ ਹੋਰ ਦਬਾਅ ਵਾਲੀਆਂ ਰਣਨੀਤੀਆਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਹ ਫ਼ੈਸਲਾ ‘ਕੁਆਡ’ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਮੀਟਿੰਗ ਤੋਂ ਬਾਅਦ ਜਾਰੀ ਬਿਆਨ ’ਚ ਕਿਹਾ ਗਿਆ, ‘ਇਹ ਨਵੀਂ ਪਹਿਲ ‘ਕੁਆਡ’ ਭਾਈਵਾਲੀ ਦਾ ਇੱਕ ਅਹਿਮ ਵਿਸਤਾਰ ਹੈ ਜੋ ਆਰਥਿਕ ਸੁਰੱਖਿਆ ਅਤੇ ਸਮੂਹਿਕ ਸਹਿਯੋਗ ਮਜ਼ਬੂਤ ਕਰਨ ਲਈ ਅਹਿਮ ਖਣਿਜਾਂ ਦੀ ਸਪਲਾਈ ਲੜੀ ਦੀ ਸੁਰੱਖਿਆ ਤੇ ਵੰਨ-ਸੁਵੰਨਤਾ ਲਿਆਉਣ ’ਤੇ ਕੇਂਦਰਿਤ ਹੈ।’’-ਪੀਟੀਆਈ

ਜੈਸ਼ੰਕਰ ਤੇ ਅਮਰੀਕੀ ਊਰਜਾ ਮੰਤਰੀ ਵੱਲੋਂ ਦੁਵੱਲੀ ਭਾਈਵਾਲੀ ਬਾਰੇ ਚਰਚਾ

ਵਾਸ਼ਿੰਗਟਨ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੀ ਊਰਜਾ ਭਾਈਵਾਲੀ ਦੇ ਮੌਕਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਸੱਦੇ ’ਤੇ ਅਧਿਕਾਰਤ ਯਾਤਰਾ ’ਤੇ ਅਮਰੀਕਾ ਵਿੱਚ ਹਨ। ਜੈਸ਼ੰਕਰ ਨੇ ਬੀਤੇ ਦਿਨ ਮੀਟਿੰਗ ਤੋਂ ਬਾਅਦ ਐਕਸ ’ਤੇ ਕਿਹਾ, ‘ਅੱਜ ਸ਼ਾਮ ਵਾਸ਼ਿੰਗਟਨ ਡੀਸੀ ’ਚ ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਨਾਲ ਉਸਾਰੂ ਗੱਲਬਾਤ ਹੋਈ। ਭਾਰਤ ’ਚ ਚੱਲ ਰਹੀ ਊਰਜਾ ਤਬਦੀਲੀ ਬਾਰੇ ਗੱਲ ਕੀਤੀ ਅਤੇ ਭਾਰਤ-ਅਮਰੀਕਾ ਊਰਜਾ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ।’ ਇਸ ਤੋਂ ਪਹਿਲਾਂ ਜੈਸ਼ੰਕਰ ਨੇ ਰੂਬੀਓ ਨਾਲ ਮੁਲਾਕਾਤ ਕਰਕੇ ਦੁਵੱਲੀ ਭਾਈਵਾਲੀ ਬਾਰੇ ਚਰਚਾ ਕੀਤੀ ਅਤੇ ਖੇਤਰੀ ਤੇ ਆਲਮੀ ਗਤੀਵਿਧੀਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਜੈਸ਼ੰਕਰ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨਾਲ ਵੀ ਮੀਟਿੰਗ ਕੀਤੀ ਜਿਸ ’ਚ ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਭਾਈਵਾਲੀ ਅੱਗੇ ਵਧਾਉਣ ਬਾਰੇ ਚਰਚਾ ਕੀਤੀ। -ਪੀਟੀਆਈ

ਅਹਿਮ ਖਣਿਜਾਂ ਦੀ ਸਪਲਾਈ ਲਈ ਨਵੀਂ ਪਹਿਲ ਦੀ ਸ਼ੁਰੂਆਤ

ਵਾਸ਼ਿੰਗਟਨ: ਅਹਿਮ ਖਣਿਜਾਂ ਦੀ ਸਪਲਾਈ ਯਕੀਨੀ ਬਣਾਉਣ ਦੇ ਮਕਸਦ ਨਾਲ ‘ਕੁਆਡ’ ਸਮੂਹ ਨੇ ਨਵੀਂ ਪਹਿਲ ‘ਕੁਆਡ ਕ੍ਰਿਟੀਕਲ ਮਿਨਰਲਜ਼ ਇਨੀਸ਼ੀਏਟਿਵ’ ਦੀ ਸ਼ੁਰੂਆਤ ਕੀਤੀ। ਇਹ ਕਦਮ ਆਰਥਿਕ ਸੁਰੱਖਿਆ ਨੂੰ ਮਜ਼ਬੂਤੀ ਦੇਣ ਦੀ ਦਿਸ਼ਾ ’ਚ ਇੱਕ ਵੱਡੀ ਕੋਸ਼ਿਸ਼ ਦਾ ਹਿੱਸਾ ਹੈ ਜੋ ਚੀਨ ਵੱਲੋਂ ਕਥਿਤ ਤੌਰ ’ਤੇ ਇਸ ਖੇਤਰ ’ਚ ਕੀਮਤਾਂ ਦੇ ਹੇਰਫੇਰ ਸਮੇਤ ਹੋਰ ਦਬਾਅ ਵਾਲੀਆਂ ਰਣਨੀਤੀਆਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਹ ਫ਼ੈਸਲਾ ‘ਕੁਆਡ’ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਮੀਟਿੰਗ ਤੋਂ ਬਾਅਦ ਜਾਰੀ ਬਿਆਨ ’ਚ ਕਿਹਾ ਗਿਆ, ‘ਇਹ ਨਵੀਂ ਪਹਿਲ ‘ਕੁਆਡ’ ਭਾਈਵਾਲੀ ਦਾ ਇੱਕ ਅਹਿਮ ਵਿਸਤਾਰ ਹੈ ਜੋ ਆਰਥਿਕ ਸੁਰੱਖਿਆ ਅਤੇ ਸਮੂਹਿਕ ਸਹਿਯੋਗ ਮਜ਼ਬੂਤ ਕਰਨ ਲਈ ਅਹਿਮ ਖਣਿਜਾਂ ਦੀ ਸਪਲਾਈ ਲੜੀ ਦੀ ਸੁਰੱਖਿਆ ਤੇ ਵੰਨ-ਸੁਵੰਨਤਾ ਲਿਆਉਣ ’ਤੇ ਕੇਂਦਰਿਤ ਹੈ।’’ -ਪੀਟੀਆਈ

Advertisement
×