ਕਿਸਾਨਾਂ ਲਈ ਸਮੱਸਿਆ ਬਣ ਸਕਦੀ ਹੈ ਪੂਸਾ-44 ਕਿਸਮ
ਸੂਬੇ ’ਚ ਝੋਨੇ ਦੀ ਕਟਾਈ ਇਸ ਵਾਰ ਪਛੜੀ ਹੈ। ਖੇਤਾਂ ਵਿੱਚ ਝੋਨੇ ਫ਼ਸਲ ਹਾਲੇ ਹਰੀ ਖੜ੍ਹੀ ਹੈ। ਫ਼ਸਲ ਪੱਕਣ ਲਈ ਕਰੀਬ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਕਾਰਨ ਹੁਣ ਕਣਕ ਦੀ ਬਿਜਾਈ ਪਛੜਨ ਦਾ ਖ਼ਦਸ਼ਾ ਹੈ। ਸਰਕਾਰ ਵੱਲੋਂ...
ਸੂਬੇ ’ਚ ਝੋਨੇ ਦੀ ਕਟਾਈ ਇਸ ਵਾਰ ਪਛੜੀ ਹੈ। ਖੇਤਾਂ ਵਿੱਚ ਝੋਨੇ ਫ਼ਸਲ ਹਾਲੇ ਹਰੀ ਖੜ੍ਹੀ ਹੈ। ਫ਼ਸਲ ਪੱਕਣ ਲਈ ਕਰੀਬ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਕਾਰਨ ਹੁਣ ਕਣਕ ਦੀ ਬਿਜਾਈ ਪਛੜਨ ਦਾ ਖ਼ਦਸ਼ਾ ਹੈ। ਸਰਕਾਰ ਵੱਲੋਂ ਪੂਸਾ-44 ਅਤੇ ਹਾਈਬ੍ਰਿਡ ਝੋਨੇ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਦੁਕਾਨਦਾਰਾਂ ਦੀ ਕਥਿਤ ਮਿਲੀਭੁਗਤ ਨਾਲ ਕਿਸਾਨਾਂ ਨੇ ਇਸ ਪਾਬੰਦੀਸ਼ੁਦਾ ਝੋਨੇ ਦੀ ਲੁਆਈ ਨੂੰ ਹੀ ਤਰਜੀਹ ਦਿੱਤੀ ਹੈ। ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਘੱਟ ਸਮਾਂ ਤੇ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਸੀ। ਪੂਸਾ 44 ਝੋਨੇ ਦੀ ਕਿਸਮ ਤਿਆਰ ਹੋਣ ਲਈ ਕਰੀਬ 180 ਦਿਨ ਲਗਦੇ ਹਨ ਅਤੇ ਇਸ ਲਈ ਪਾਣੀ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਦੂਜੇ ਪਾਸੇ ਪੀ ਆਰ 126 ਕਿਸਮਾਂ ਪਾਣੀ ਬਚਾਉਂਦੀਆਂ ਹਨ ਅਤੇ 118 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਸਰਕਾਰੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਪਰ ਹਾਲੇ ਤੱਕ ਮੰਡੀਆਂ ਵਿੱਚ ਝੋਨੇ ਦੀ ਆਮਦ ਮੱਠੀ ਹੈ। ਉਧਰ, ਮੰਡੀਆਂ ਵਿੱਚ ਪਾਬੰਦੀਸ਼ੁਦਾ ਝੋਨੇ ਦੀ ਵਿਕਰੀ ਕਾਰਨ ਸਰਕਾਰ ਤੇ ਕਿਸਾਨਾਂ ਵਿੱਚ ਤਲਖ਼ੀ ਵਧ ਸਕਦੀ ਹੈ ਕਿਉਂਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਪਾਬੰਦੀਸ਼ੁਦਾ ਪੂਸਾ 44 ਦੀ ਮੰਡੀਆਂ ਵਿੱਚ ਖ਼ਰੀਦ ਨਹੀਂ ਹੋਵੇਗੀ।
ਮੋਗਾ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਪੂਸਾ-44 ਦੀ ਵਿਕਰੀ ਨਹੀਂ ਹੋਈ: ਗੁਰਪ੍ਰੀਤ ਸਿੰਘ
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਝੋਨੇ ਦੀ ਫ਼ਸਲ ਦੇਰ ਨਾਲ ਪੱਕਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਐਤਕੀਂ ਝੋਨੇ ਦੀ ਲਵਾਈ ਪਛੜਨ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਗਾ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਪੂਸਾ-44 ਦੀ ਵਿਕਰੀ ਨਹੀਂ ਹੋਈ। ਹਰਿਆਣਾ ਵਿੱਚ ਪਾਬੰਦੀ ਨਾ ਹੋਣ ਕਾਰਨ ਹੋ ਸਕਦਾ ਹੈ ਕਿ ਕਿਸਾਨਾਂ ਨੇ ਪਾਬੰਦੀਸ਼ੁਦਾ ਬੀਜ ਉਥੋਂ ਖ਼ਰੀਦਿਆ ਹੋਵੇ।