ਧੀ ਪੰਜਾਬ ਦੀ: ਯੂਐੱਸ ਓਪਨ ਬੈਡਮਿੰਟਨ ਦੀ ਉਪ ਜੇਤੂ ਤਨਵੀ ਬਣੀ ਸਟਾਰ
ਦੀਪਕਮਲ ਕੌਰ
ਜਲੰਧਰ, 2 ਜੁਲਾਈ
ਬੀਡਬਲਿਊਐੱਫ ਸੁਪਰ 300 ਯੂਐੱਸ ਓਪਨ 2025 ਵਿੱਚ ਉਪ ਜੇਤੂ ਹੁਸ਼ਿਆਰਪੁਰ ਦੀ ਸ਼ਟਲਰ ਤਨਵੀ ਸ਼ਰਮਾ (16) ਦੀ ਤੁਲਨਾ ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨਾਲ ਕੀਤੀ ਜਾ ਰਹੀ ਹੈ। ਉਹ ਜੂਨੀਅਰ ਬੈਡਮਿੰਟਨ ਦੀ ਵਿਸ਼ਵ ਰੈਕਿੰਗ ’ਚ ਪਹਿਲੇ ਨੰਬਰ ’ਤੇ ਪੁੱਜ ਗਈ ਹੈ। ਤਨਵੀ ਦੀਆਂ ਇਨ੍ਹਾਂ ਪ੍ਰਾਪਤੀਆਂ ’ਤੇ ਉਸ ਦੀ ਮਾਂ ਮੀਨਾ ਸ਼ਰਮਾ ਖ਼ੁਸ਼ੀ ’ਚ ਖੀਵੀ ਨਜ਼ਰ ਆ ਰਹੀ ਹੈ। ਮੀਨਾ ਨੇ ਕਿਹਾ, ‘ਭਾਵੇਂ ਤਨਵੀ ਲਈ ਇਹ ਸ਼ੁਰੂਆਤ ਹੈ ਪਰ ਜਿਵੇਂ ਉਸ ਦੀ ਸ਼ਲਾਘਾ ਹੋ ਰਹੀ ਹੈ, ਉਸ ’ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਸ ਦੇ ਕੋਚ ਪਾਰਕ ਤਾਏ ਸਾਂਗ ਅਨੁਸਾਰ ਤਨਵੀ ਦੀ ਖੇਡ ਸ਼ੈਲੀ ਵਿੱਚ ਪੀਵੀ ਸਿੰਧੂ ਦੀ ਝਲਕ ਪੈਂਦੀ ਹੈ, ਜੋ ਉਸ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ। ਪੀਵੀ ਸਿੰਧੂ ਉਸ ਨੂੰ ਪਹਿਲਾਂ ਹੀ ਵਧਾਈ ਦੇ ਚੁੱਕੀ ਹੈ ਅਤੇ ਉਸ ਦਾ ਮਾਰਗਦਰਸ਼ਨ ਵੀ ਕਰਦੀ ਰਹਿੰਦੀ ਹੈ।’ ਮੀਨਾ ਸਾਬਕਾ ਵਾਲੀਬਾਲ ਖਿਡਾਰਨ ਹੈ ਅਤੇ ਉਸ ਨੇ ਤਨਵੀ ਅਤੇ ਉਸ ਦੀ ਵੱਡੀ ਭੈਣ ਰਾਧਿਕਾ ਸ਼ਰਮਾ (20) ਨੂੰ ਟਰੇਨਿੰਗ ਦੇਣ ਲਈ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਤੋਂ ਕੋਚ ਵਜੋਂ ਵਿਸ਼ੇਸ਼ ਸਿਖਲਾਈ ਲਈ ਸੀ। ਰਾਧਿਕਾ ਵੀ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ।
ਤਨਵੀ ਪਹਿਲਾਂ ਹੀ ਆਈਓਐੱਸ ਸਪੋਰਟਸ ਐਂਡ ਐਂਟਰਟੇਨਮੈਂਟ ਨਾਲ ਸਮਝੌਤਾ ਕਰ ਚੁੱਕੀ ਹੈ, ਜਿਸ ਵੱਲੋਂ ਉਸ ਦੇ ਸਾਰੇ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਮਦਦ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਵੀ ਉਸ ਨੂੰ ਵਧਾਈ ਦੇ ਚੁੱਕੇ ਹਨ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਨੇ ਕਿਹਾ, ‘ਅਸੀਂ ਲੜਕੀਆਂ ਦੀ ਹਰ ਸੰਭਵ ਮਦਦ ਕਰਾਂਗੇ। ਹਾਲ ਦੀ ਘੜੀ ਅਸੀਂ ਉਸ ਨੂੰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ 51,000 ਰੁਪਏ ਅਤੇ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਵੀ 51,000 ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।’
ਖੰਨਾ ਨੇ ਤਨਵੀ ਦੀ ਮਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ, ‘ਉਹ ਆਪਣੀਆਂ ਧੀਆਂ ਨੂੰ ਰੋਜ਼ ਸਵੇਰੇ 4 ਵਜੇ ਹੁਸ਼ਿਆਰਪੁਰ ਸਟੇਡੀਅਮ ਵਿੱਚ ਅਭਿਆਸ ਲਈ ਲਿਜਾਂਦੀ ਸੀ। ਉਹ ਉਨ੍ਹਾਂ ਨੂੰ ਸਕੂਲ ਜਾਣ ਲਈ ਤਿਆਰ ਹੋਣ ਤੋਂ ਪਹਿਲਾਂ 1.5 ਘੰਟੇ ਅਭਿਆਸ ਕਰਵਾਉਂਦੀ ਸੀ। 2016 ਤੋਂ 2021 ਤੱਕ ਤਿੰਨੋਂ ਕੋਚਿੰਗ ਲੈਣ ਲਈ ਹੈਦਰਾਬਾਦ ਵਿੱਚ ਸਨ। ਇਹ ਮੀਨਾ ਲਈ ਕਿਸੇ ਤਰ੍ਹਾਂ ਦੀ ਤਪੱਸਿਆ ਤੋਂ ਘੱਟ ਨਹੀਂ ਸੀ। ਹੁਣ ਤਨਵੀ ਅਜਿਹੇ ਮੁਕਾਮ ’ਤੇ ਪਹੁੰਚ ਗਈ ਹੈ, ਜਿੱਥੇ ਖੁਰਾਕ, ਕੋਚਿੰਗ, ਯਾਤਰਾ, ਠਹਿਰਨ ਅਤੇ ਕਿਟ ਸਮੇਤ ਸਾਰਾ ਕੁੱਝ ਸਪਾਂਸਰ ਕੀਤਾ ਜਾਂਦਾ ਹੈ। ਉਹ ਇਸ ਵੇਲੇ ਭਾਰਤ ਵਿੱਚ ਮਹਿਲਾ ਵਰਗ ’ਚ 50ਵੇਂ ਨੰਬਰ ’ਤੇ ਹੈ ਅਤੇ ਉਸ ਨੂੰ ਲਾਸ ਏਂਜਲਸ ਓਲੰਪਿਕ 2028 ਲਈ ਕੁਆਲੀਫਾਈ ਕਰਨ ਲਈ ਅਗਲੇ ਦੋ ਸਾਲਾਂ ’ਚ ਭਾਰਤ ਦੀਆਂ ਸਿਖਰਲੀਆਂ 30 ਖਿਡਾਰਨਾਂ ਵਿੱਚ ਸ਼ਾਮਲ ਹੋਣਾ ਪਵੇਗਾ।’
ਕੋਚ ਗੋਪੀਚੰਦ ਨੇ ਨਹੀਂ ਲਈ ਕੋਈ ਫੀਸ
ਤਨਵੀ ਦੀ ਮਾਂ ਮੀਨਾ ਨੇ ਕਿਹਾ, ‘ਆਰਥਿਕ ਤੰਗੀ ਵੀ ਵੱਡੀ ਸਮੱਸਿਆ ਸੀ ਪਰ ਪ੍ਰਮਾਤਮਾ ਮਿਹਰਬਾਨ ਰਿਹਾ ਹੈ। ਕੋਚ ਗੋਪੀਚੰਦ ਨੇ ਮੇਰੀਆਂ ਧੀਆਂ ਤੋਂ ਕੋਈ ਫੀਸ ਨਹੀਂ ਲਈ। ਹੁਣ ਵੀ ਦੋਵੇਂ ਸਿਖਲਾਈ ਲੈ ਰਹੀਆਂ ਹਨ। ਹੁਣ ਦੋਵੇਂ ਪਿਛਲੇ ਦੋ ਸਾਲਾਂ ਤੋਂ ਗੁਹਾਟੀ ਵਿੱਚ ਕੌਮੀ ਕੋਚ ਪਾਰਕ ਤਾਏ ਸਾਂਗ ਤੋਂ ਕੋਚਿੰਗ ਲੈ ਰਹੀਆਂ ਹਨ। ਤਨਵੀ ਭਲਕੇ ਵਾਪਸ ਆਵੇਗੀ ਤਾਂ ਉਹ ਸਿੱਧੇ ਗੁਹਾਟੀ ਚਲੀ ਜਾਵੇਗੀ, ਜਿੱਥੇ ਉਹ 18 ਤੋਂ 27 ਜੁਲਾਈ ਤੱਕ ਇੰਡੋਨੇਸ਼ੀਆ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਦੀ ਤਿਆਰੀ ਕਰੇਗੀ।’