DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਯੂਨੀਵਰਸਿਟੀ ਵਿਵਾਦ: ਵਾਈਸ ਚਾਂਸਲਰ ਨੇ ਮੁਆਫ਼ੀ ਮੰਗੀ 

ਕਿਹਾ, ‘ਗ਼ਲਤ ਕਾਪੀਆਂ ਦੀ ਦੁਰਵਰਤੋਂ ਰੋਕਣ ਲਈ ਵਾਤਾਵਰਣ-ਅਨੁਕੂਲ ਤਰੀਕਾ ਅਪਣਾਇਆ’
  • fb
  • twitter
  • whatsapp
  • whatsapp
Advertisement

ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ (ਵੀਸੀ) ਜਗਦੀਪ ਸਿੰਘ, ਡੀਨ (ਅਕਾਦਮਿਕ) ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਦਵਿੰਦਰ ਸਿੰਘ, ਪਬਲੀਕੇਸ਼ਨ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਕਾਲੜਾ ਅਤੇ ਹੋਰਾਂ ਵਿਰੁੱਧ ਕਥਿਤ ਤੌਰ 'ਤੇ 'ਮਹਾਨ ਕੋਸ਼' ਦੀਆਂ ਗ਼ਲਤੀਆਂ ਵਾਲੀਆਂ ਕਾਪੀਆਂ ਨੂੰ "ਦੱਬਣ ਲਈ ਟੋਏ ਪੁੱਟਣ" ਦੇ ਦੋਸ਼ ਵਿੱਚ ਅਰਬਨ ਅਸਟੇਟ ਪੁਲੀਸ ਵੱਲੋਂ ਕੇਸ ਦਰਜ ਕਰਨ ਤੋਂ ਇੱਕ ਦਿਨ ਬਾਅਦ ਵੀਸੀ ਨੇ ਲਿਖਤੀ ਮੁਆਫ਼ੀ ਮੰਗਦਿਆਂ ਸਪੱਸ਼ਟ ਕੀਤਾ ਕਿ 'ਮਹਾਨ ਕੋਸ਼' ਦੀਆਂ ਗ਼ਲਤ ਕਾਪੀਆਂ ਨੂੰ ਨਸ਼ਟ ਕਰਨ ਵਿੱਚ ਕੋਈ ਗਲਤ ਇਰਾਦਾ ਨਹੀਂ ਸੀ।

ਇਸ ਤੋਂ ਇਲਾਵਾ ਯੂਨੀਵਰਸਿਟੀ ਅਧਿਕਾਰੀ ਪਛਤਾਵਾ ਜ਼ਾਹਰ ਕਰਨ ਅਤੇ ਗ਼ਲਤੀ ਲਈ ਮਾਫ਼ੀ ਮੰਗਣ ਲਈ ਯੂਨੀਵਰਸਿਟੀ ਗੁਰਦੁਆਰੇ ਵਿੱਚ ਪਾਠ ਵੀ ਕਰਵਾ ਰਹੇ ਹਨ।

Advertisement

ਸ਼ੁੱਕਰਵਾਰ ਨੂੰ ਪਟਿਆਲਾ ਪੁਲੀਸ ਨੇ ਦੋਸ਼ੀਆਂ ਵਿਰੁੱਧ ਭਾਰਤੀ ਨਿਆ ਸੰਹਿਤਾ, 2023 ਦੀ ਧਾਰਾ 298 ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਜੋ ਕਿਸੇ ਵੀ ਧਰਮ ਦੇ ਅਪਮਾਨ ਦੇ ਇਰਾਦੇ ਨਾਲ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ। ਅਜਿਹੀ ਕਿਸੇ ਵੀ ਉਲੰਘਣਾ ਲਈ ਦੋ ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

‘ਟ੍ਰਿਬਿਊਨ ਸਮੂਹ’ ਕੋਲ ਮੌਜੂਦ ਵੀਸੀ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਲਿਖੇ ਗਏ 'ਮਹਾਨ ਕੋਸ਼' ਦੇ ਗ਼ਲਤ ਸੰਸਕਰਣ, ਜੋ ਲਗਭਗ 16 ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ, ਨੂੰ ਨਸ਼ਟ ਕਰਨ ਦੇ ਪੰਜਾਬੀ ਯੂਨੀਵਰਸਿਟੀ ਦੁਆਰਾ ਅਪਣਾਏ ਗਏ ਢੰਗ ਨੇ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। “ਮੈਨੂੰ ਇਸ ਦਾ ਬਹੁਤ ਅਫ਼ਸੋਸ ਹੈ। ਜੋ ਕੁਝ ਹੋਇਆ ਉਸ ਪਿੱਛੇ ਕੋਈ ਸਾਜ਼ਿਸ਼ ਜਾਂ ਗਲਤ ਇਰਾਦਾ ਨਹੀਂ ਸੀ। ਇਹ ਇੱਕ ਅਣਜਾਣੇ ਵਿੱਚ ਹੋਈ ਗ਼ਲਤੀ ਹੈ।’’

ਪੱਤਰ ਵਿੱਚ ਅੱਗੇ ਲਿਖਿਆ ਹੈ, “ਇਹ ਦੱਸਣਾ ਜ਼ਰੂਰੀ ਹੈ ਕਿ 2006 ਵਿੱਚ ਅੰਗਰੇਜ਼ੀ ਵਿੱਚ, 2009 ਵਿੱਚ ਪੰਜਾਬੀ ਵਿੱਚ ਅਤੇ 2013 ਵਿੱਚ ਹਿੰਦੀ ਵਿੱਚ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ 'ਮਹਾਨ ਕੋਸ਼' ਵਿੱਚ ਗ਼ਲਤੀਆਂ ਦਾ ਮੁੱਦਾ ਪਿਛਲੇ ਸਾਲਾਂ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਰਿਹਾ ਹੈ। ਯੂਨੀਵਰਸਿਟੀ ਨੇ 2019 ਵਿੱਚ ਇਸ ਦੀ ਵਿਕਰੀ ਬੰਦ ਕਰ ਦਿੱਤੀ ਸੀ ਅਤੇ ਇਸ ਨੂੰ ਵਿਕਰੀ ਕੇਂਦਰਾਂ ਤੋਂ ਵਾਪਸ ਮੰਗਵਾ ਲਿਆ ਸੀ। ਮੌਜੂਦਾ ਪੰਜਾਬ ਸਰਕਾਰ ਇਸ ਮੁੱਦੇ ਦੇ ਹੱਲ 'ਤੇ ਪੂਰੀ ਤਨਦੇਹੀ ਨਾਲ ਵਿਚਾਰ ਕਰ ਰਹੀ ਸੀ। ਸਰਕਾਰ ਦੁਆਰਾ ਬਣਾਈ ਗਈ ਉੱਚ-ਪੱਧਰੀ ਕਮੇਟੀ ਲਗਾਤਾਰ ਮੀਟਿੰਗਾਂ ਅਤੇ ਵਿਚਾਰ-ਵਟਾਂਦਰਾ ਕਰ ਰਹੀ ਸੀ। 5 ਅਗਸਤ, 2025 ਨੂੰ ਹੋਈ ਇਸ ਕਮੇਟੀ ਦੀ ਹਾਲ ਹੀ ਦੀ ਮੀਟਿੰਗ ਵਿੱਚ, ਇਹ ਫੈਸਲਾ ਕੀਤਾ ਗਿਆ ਸੀ ਕਿ ਗ਼ਲਤੀਆਂ ਵਾਲੀਆਂ ਇਨ੍ਹਾਂ ਸਾਰੀਆਂ ਕਾਪੀਆਂ ਨੂੰ 15 ਦਿਨਾਂ ਦੇ ਅੰਦਰ ਇਕੱਠਾ ਕਰ ਲਿਆ ਜਾਵੇ…’’

ਅੱਗੇ ਲਿਖਿਆ ਗਿਆ ਹੈ ਕਿ, “ਇਸ ਪਿੱਛੇ ਇਰਾਦਾ ਬਿਲਕੁਲ ਨੇਕ ਸੀ। ਦੇਸ਼ ਦੀ ਭਲਾਈ ਦੇ ਹਿੱਤ ਵਿੱਚ, ਇਸ ਦੂਰਅੰਦੇਸ਼ੀ ਨਾਲ ਕਿ ਭਵਿੱਖ ਵਿੱਚ ਕੋਈ ਇਨ੍ਹਾਂ ਕਾਪੀਆਂ ਦੀ ਦੁਰਵਰਤੋਂ ਮੁੜ ਵੇਚਣ ਲਈ ਕਰ ਸਕਦਾ ਹੈ, ਇਸ ਮੁੱਦੇ ਦੇ ਸਥਾਈ ਹੱਲ ਵਜੋਂ ਇਨ੍ਹਾਂ ਸਾਰੀਆਂ ਕਾਪੀਆਂ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਸੰਭਾਵੀ ਅਣਸੁਖਾਵੀਂ ਘਟਨਾ ਨਾ ਵਾਪਰੇ।”

“ਪੰਜਾਬੀ ਯੂਨੀਵਰਸਿਟੀ ਨੇ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਇਨ੍ਹਾਂ ਕਾਪੀਆਂ ਨੂੰ ਇੱਕ ਨਦੀ ਦੇ ਰੂਪ ਵਿੱਚ ਤਾਜ਼ੇ ਪਾਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਪਾਣੀ ਇਸ ਸਾਰੇ ਕਾਗਜ਼ ਨੂੰ ਜਜ਼ਬ ਕਰ ਲਵੇ ਅਤੇ ਇਸ ਦਾ ਕੋਈ ਵੀ ਹਿੱਸਾ ਇੱਥੇ-ਉੱਥੇ ਨਾ ਖਿੱਲਰੇ।”

ਵੀਸੀ ਨੇ ਕਿਹਾ, “ਇਸ ਉਦੇਸ਼ ਲਈ, ਦੋ ਵੱਡੇ ਟੋਏ ਪੁੱਟੇ ਜਾ ਰਹੇ ਸਨ ਅਤੇ ਉਨ੍ਹਾਂ ਵਿੱਚ ਤਾਜ਼ਾ ਪਾਣੀ ਭਰਿਆ ਜਾ ਰਿਹਾ ਸੀ। ਅਜਿਹਾ ਕਰਨਾ ਵਾਤਾਵਰਣ ਪ੍ਰਤੀ ਇੱਕ ਵਾਤਾਵਰਣ-ਅਨੁਕੂਲ ਪਹੁੰਚ ਸੀ ਕਿਉਂਕਿ 15 ਹਜ਼ਾਰ ਦੀ ਗਿਣਤੀ ਵਿੱਚ ਇਨ੍ਹਾਂ ਵੱਡੀਆਂ ਆਕਾਰ ਦੀਆਂ ਕਾਪੀਆਂ ਨੂੰ ਅੱਗ ਲਗਾਉਣ ਨਾਲ ਵੱਡੇ ਪੱਧਰ 'ਤੇ ਧੂੰਆਂ ਪੈਦਾ ਹੋ ਸਕਦਾ ਸੀ।’’

“ਹੁਣ ਜਦੋਂ ਵਿਦਿਆਰਥੀ ਵਿਰੋਧ ਕਰ ਰਹੇ ਹਨ, ਮੈਨੂੰ ਲੱਗਦਾ ਹੈ ਕਿ ਇਹ ਸਾਰੀ ਕਾਰਵਾਈ ਕਰਦੇ ਸਮੇਂ, ਇੱਕ ਗ਼ਲਤੀ/ਕਮਜ਼ੋਰੀ ਹੋ ਗਈ ਹੈ ਕਿ ਇਸ ਉਦੇਸ਼ ਲਈ ਸਿੱਖ ਆਚਾਰ ਸੰਹਿਤਾ ਦਾ ਪਾਲਣ ਕਰਨਾ ਚਾਹੀਦਾ ਸੀ।

ਵਾਈਸ-ਚਾਂਸਲਰ ਜਗਦੀਪ ਸਿੰਘ ਨੇ ਕਿਹਾ, “ਮੈਂ ਨੇਕ ਇਰਾਦਿਆਂ ਨਾਲ ਕੰਮ ਕਰਦੇ ਸਮੇਂ ਅਣਜਾਣੇ ਵਿੱਚ ਹੋਈ ਇਸ ਗ਼ਲਤੀ ਦਾ ਬਹੁਤ ਅਫ਼ਸੋਸ ਕਰਦਾ ਹਾਂ। ਯੂਨੀਵਰਸਿਟੀ ਦੇ ਮੁਖੀ ਹੋਣ ਦੇ ਨਾਤੇ, ਮੈਂ ਇਸ ਲਈ ਪੂਰੇ ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ। ਅਥਾਰਟੀ ਹੁਣ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਕੰਮ ਕਰਨ ਲਈ ਵਚਨਬੱਧ ਹੈ। ਹੁਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ।’’

Advertisement
×