ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਨਮਾਨ ਸਮਾਗਮ
ਅਕਾਦਮੀ ਦੇ ਸਥਾਪਨਾ ਦਿਵਸ ਮੌਕੇ ਕਰਵਾਇਆ ਸਮਾਗਮ; ਕਈ ਲੇਖਕਾਂ ਤੇ ਕਹਾਣੀਕਾਰਾਂ ਨੂੰ ਸਨਮਾਨਿਤ ਕੀਤਾ
ਸਤਵਿੰਦਰ ਬਸਰਾ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅਕਾਦਮੀ ਦੇ ਸਥਾਪਨਾ ਦਿਵਸ ਸਬੰਧੀ ਅੱਜ ਪੰਜਾਬੀ ਭਵਨ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਡਾ. ਐੱਸ ਐੱਸ ਜੌਹਲ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ.ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪ੍ਰਤੀਨਿਧੀ ਵਜੋਂ ਰਸ਼ਪਾਲ ਸਿੰਘ ਅਤੇ ਰਵੀ ਸ਼ਾਮਲ ਹੋਏ। ਡਾ. ਸਰਬਜੀਤ ਸਿੰਘ ਨੇ ਅਕਾਦਮੀ ਵੱਲੋਂ ਕੀਤੇ ਜਾਂਦੇ ਸਮਾਗਮਾ, ਛਾਪੀਆਂ ਗਈਆਂ ਤੇ ਛਾਪੀਆਂ ਜਾ ਰਹੀਆਂ ਪੁਸਤਕਾਂ ਬਾਰੇ ਦੱਸਿਆ। ਉਨ੍ਹਾਂ 21 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬੀ ਭਵਨ ’ਚ ਲਗਾਏ ਜਾ ਰਹੇ ਪੁਸਤਕ ਮੇਲੇ ਬਾਰੇ ਵੀ ਦੱਸਿਆ।
ਸਮਾਗਮ ਵਿੱਚ ਡਾ. ਸਾਧੂ ਸਿੰਘ ਨੂੰ ‘ਡਾ. ਰਵਿੰਦਰ ਸਿੰਘ ਰਵੀ ਪੁਰਸਕਾਰ’, ਹਰਭਜਨ ਸਿੰਘ ਬਾਜਵਾ ਨੂੰ ‘ਮੱਲ ਸਿੰਘ ਰਾਮਪੁਰੀ ਪੁਰਸਕਾਰ’, ਜਤਿੰਦਰ ਪੰਨੂੰ ਨੂੰ ‘ਜਗਜੀਤ ਸਿੰਘ ਆਨੰਦ ਪੁਰਸਕਾਰ’, ਡਾ. ਧਰਮ ਸਿੰਘ ਨੂੰ ‘ਕਰਤਾਰ ਸਿੰਘ ਸ਼ਮਸ਼ੇਰ ਪੁਰਸਕਾਰ’, ਸ੍ਰੀ ਸਿਧਾਰਥ ਨੂੰ ‘ਅੰਮ੍ਰਿਤਾ ਇਮਰੋਜ਼ ਪੁਰਸਕਾਰ’, ਡਾ. ਆਤਮਜੀਤ ਨੂੰ ‘ਗੁਰਸ਼ਰਨ ਸਿੰਘ ਪੁਰਸਕਾਰ’, ਡਾ. ਕੰਵਲਜੀਤ ਢਿੱਲੋਂ ਨੂੰ ‘ਪ੍ਰੋ. ਨਿਰਪਜੀਤ ਕੌਰ ਗਿੱਲ ਪੁਰਸਕਾਰ’, ਜਸਬੀਰ ਮੰਡ ਨੂੰ ‘ਅਮੋਲ ਪ੍ਰਤਾਪ ਪੁਰਸਕਾਰ’, ਨੀਤੂ ਅਰੋੜਾ ਨੂੰ ‘ਜਗਜੀਤ ਸਿੰਘ ਲਾਇਲਪੁਰੀ ਪੁਰਸਕਾਰ’, ਮੀਤ ਅਨਮੋਲ ਨੂੰ ‘ਡਾ. ਮੋਹਨਜੀਤ ਪੁਰਸਕਾਰ’, ਰਮਨ ਸੰਧੂ ਨੂੰ ‘ਕੁਲਵੰਤ ਜਗਰਾਉਂ ਪੁਰਸਕਾਰ’, ਦੇਵ ਰਾਜ ਦਾਦਰ ਨੂੰ ‘ਕੁਲਵੰਤ ਜਗਰਾਉਂ ਪੁਰਸਕਾਰ’ ਭੇਟ ਕੀਤਾ ਗਿਆ। ਇਸ ਮੌਕੇ ਸਨਮਾਨਿਤ ਸ਼ਖ਼ਸੀਅਤਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਮੂਹ ਸਨਮਾਨਿਤ ਹਾਜ਼ਰੀਨ ਅਤੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

