ਕਰਮਜੀਤ ਸਿੰਘ ਚਿੱਲਾਐੱਸਏਐੱਸ ਨਗਰ (ਮੁਹਾਲੀ), 8 ਮਾਰਚਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਈ ਜਾ ਰਹੀ ਤੀਜੀ ਤਿੰਨ ਰੋਜ਼ਾ ਪੰਜਾਬੀ ਆਲਮੀ ਕਾਨਫਰੰਸ ਦੇ ਦੂਜੇ ਦਿਨ ਚਾਰ ਸੈਸ਼ਨ ਕਰਵਾਏ ਗਏ। ਇਸ ਮੌਕੇ ਹਰਭਜਨ ਸਿੰਘ ਹੁੰਦਲ ਦੇ ਨਾਮ ’ਤੇ ਬਣਾਏ ਪੰਡਾਲ ਵਿੱਚ ਦੇਸ਼-ਵਿਦੇਸ਼ ਤੋਂ ਪੰਜਾਬੀ ਪ੍ਰੇਮੀਆਂ, ਬੁੱਧੀਜੀਵੀਆਂ ਅਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ।ਅੱਜ ਦੇ ਪਹਿਲੇ ਸੈਸ਼ਨ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ਮੁੱਖ ਰੱਖਦਿਆਂ ‘ਅਜੋਕੇ ਭਾਰਤ ਵਿੱਚ ਔਰਤਾਂ ਸਾਹਮਣੇ ਚੁਣੌਤੀਆਂ’ ਵਿਸ਼ੇ ਉੱਤੇ ਚਰਚਾ ਹੋਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਚਿੰਤਕ ਸ਼ਬਨਮ ਹਾਸ਼ਮੀ ਨੇ ਕਿਹਾ ਕਿ ਨੋਟਬੰਦੀ ਨੇ ਔਰਤਾਂ ਕੋਲੋਂ ਨੋਟ ਖੋਹੇ, ਕੋਵਿਡ ਨੇ ਔਰਤਾਂ ਕੋਲੋਂ 88 ਲੱਖ ਨੌਕਰੀਆਂ ਖੋਹੀਆਂ ਅਤੇ ਭਾਜਪਾ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਔਰਤਾਂ ਕੋਲੋਂ ਪੜ੍ਹਾਈ ਦੇ ਮੌਕੇ ਖੋਹ ਰਹੀ ਹੈ। ਔਰਤਾਂ ਨਾਲ ਸਬੰਧਤ ਕਾਨੂੰਨਾਂ ਵਿੱਚ ਸੋਧਾਂ ਕਰ ਕੇ ਕਾਨੂੰਨਾਂ ਦਾ ਅਸਰ ਘਟਾਇਆ ਜਾ ਰਿਹਾ ਹੈ। ਫਾਸ਼ੀਵਾਦ ਤਹਿਤ ਲਵ ਜਹਾਦ ਅਤੇ ਅਣਖ ਦੇ ਨਾਮ ’ਤੇ ਕਤਲ ਕਰਨ ਵਾਲਿਆਂ ਨੂੰ ਆਰਐੱਸਐੱਸ ਹਾਰ ਪਾ ਰਹੀ ਹੈ, ਦੇਸ਼ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਆਰਐੱਸਐੱਸ ਦੀਆਂ ਨੀਤੀਆਂ ਕਾਰਨ ਦੇਸ਼ ਨੂੰ ਹਿੰਦੂ ਤਾਲਿਬਾਨ ਬਣਨ ਦੇ ਰਾਹ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੜਨ ਵਾਲੇ ਲੋਕ ਮਾਯੂਸ ਹੋ ਗਏ ਹਨ ਅਤੇ ਪੰਜਾਬ ਨੂੰ ਦੇਸ਼, ਸੰਵਿਧਾਨ ਅਤੇ ਕੌਮੀਅਤ ਬਚਾਉਣ ਲਈ ਅੱਗੇ ਲੱਗਣਾ ਚਾਹੀਦਾ ਹੈ।ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਔਰਤਾਂ ਦੇ ਮੁੱਦੇ ਸਮਾਜ ਦੇ ਹਨ, ਇਸ ਲਈ ਇਕੱਲੀਆਂ ਔਰਤਾਂ ਦੀ ਥਾਂ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ ਸਿਹਤ, ਸੁਰੱਖਿਆ ਤੇ ਸਿੱਖਿਆ ਤੋਂ ਇਲਾਵਾ ਲੋਕਤੰਤਰੀ ਪਰਿਵਾਰ ਅਤੇ ਸਮਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਾਇਦਾਦ ਦੀ ਵੰਡ ਲੜਕਿਆਂ ਵਿਚਕਾਰ ਹੁੰਦੀ ਹੈ, ਲੜਕੀਆਂ ਨੂੰ ਫੈਸਲੇ ਕਰਨ ਦੇ ਹੱਕ ਨਹੀਂ ਦਿੱਤੇ ਜਾਂਦੇ। ਇਸ ਸੈਸ਼ਨ ਵਿੱਚ ਮੱਖਣ ਕੋਹਾੜ, ਹਰਕੀਰਤ ਕੌਰ ਚਾਹਲ ਕੈਨੇਡਾ, ਗੁਰਦੇਵ ਕੌਰ ਪਾਲ, ਸੁਰਿੰਦਰ ਗਿੱਲ ਜੈਪਾਲ ਤੇ ਨਵਜੋਤ ਕੌਰ ਢਿੱਲੋਂ ਨੇ ਵੀ ਆਪਣੇ ਵਿਚਾਰ ਰੱਖੇ। ਸ਼ਾਇਰਾ ਗੁਰਮਿੰਦਰ ਸਿੱਧੂ ਨੇ ਨਜ਼ਮ ਸੁਣਾਈ। ਮੰਚ ਸੰਚਾਲਨ ਕਮਲ ਦੁਸਾਂਝ ਨੇ ਕੀਤਾ।‘ਗਜ਼ਲ, ਗੁਲਜ਼ਾਰ ਅਤੇ ਪੁਰਸਕਾਰ’ ਨਾਮੀਂ ਦੂਜੇ ਸੈਸ਼ਨ ਵਿੱਚ ਵਿਦੇਸ਼ਾਂ ਤੋਂ ਆਏ ਕਵੀਆਂ ਦਾ ਮੁਸ਼ਾਹਿਰਾ ਹੋਇਆ। ਜਗਜੀਤ ਨੌਸ਼ਹਿਰਵੀ, ਰਾਜਵੰਤ ਰਾਜ, ਜਸਵਿੰਦਰ ਸ਼ਾਇਰ, ਡਾ. ਜਸਵਿੰਦਰ ਸੈਣੀ, ਦਰਸ਼ਨ ਬੁੱਟਰ ਤੇ ਤਲਵਿੰਦਰ ਕੈਲੀਫੋਰਨੀਆ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਸ਼ਾਇਰ ਸੁਖਦੀਪ ਔਜਲਾ ਨੂੰ ਪਹਿਲਾ ਸਤਨਾਮ ਯਾਦਗਾਰੀ ਪੁਰਸਕਾਰ ਭੇਟ ਕੀਤਾ ਗਿਆ, ਜਿਸ ਵਿੱਚ 51 ਹਜ਼ਾਰ ਦੀ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਸ਼ਾਮਲ ਸੀ।ਤੀਜੇ ਸੈਸ਼ਨ ਵਿੱਚ ‘ਨਾਮਧਾਰੀ ਸਾਹਿਤ ਪਰੰਪਰਾ’ ਉੱਤੇ ਚਰਚਾ ਕੀਤੀ ਗਈ। ਸਵਰਨ ਸਿੰਘ ਵਿਰਕ ਨੇ ਮੁੱਖ ਭਾਸ਼ਨ ਦਿੰਦਿਆਂ ਨਾਮਧਾਰੀ ਸਾਹਿਤ ਦੀਆਂ ਸਮੁੱਚੀਆਂ ਵਿਧਾਵਾਂ ਦੀ ਚਰਚਾ ਕੀਤੀ। ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ, ਡਾ. ਅਤੈ ਸਿੰਘ, ਗੁਰਭੇਜ ਸਿੰਘ ਗੋਰਾਇਆ, ਸੈਂਲੇਦਰਜੀਤ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਰਾਜਿੰਦਰ ਰਾਜਨ, ਮੂਲ ਚੰਦ ਸ਼ਰਮਾ ਤੇ ਦਲਜੀਤ ਸ਼ਾਹੀ ਨੇ ਆਪਣੇ ਵਿਚਾਰ ਰੱਖੇ। ਸ਼ਾਮ ਦੇ ਆਖਰੀ ਸੈਸ਼ਨ ਵਿੱਚ ਡਾ. ਆਤਮਜੀਤ ਵੱਲੋਂ ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ’ਤੇ ਆਧਾਰਿਤ ਲਿਖੇ ਆਪਣੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦਾ ਮੂਲ ਪਾਠ ਕੀਤਾ ਗਿਆ।ਭਾਸ਼ਾ, ਸਾਹਿਤ ਅਤੇ ਸਿੱਖਿਆ ਉੱਤੇ ਚਰਚਾ ਅੱਜ Bਕਾਨਫਰੰਸ ਦੇ ਆਖ਼ਰੀ ਦਿਨ 9 ਮਾਰਚ ਨੂੰ ਪਹਿਲੇ ਸੈਸ਼ਨ ਵਿੱਚ ਭਾਸ਼ਾ, ਸਾਹਿਤ ਤੇ ਸਿੱਖਿਆ ਉੱਤੇ ਚਰਚਾ ਹੋਵੇਗੀ। ਦੂਜੇ ਸੈਸ਼ਨ ਵਿੱਚ ਸੰਵਿਧਾਨ, ਸੱਤਾ ਅਤੇ ਲੋਕ ਵਿਸ਼ੇ ’ਤੇ ਵਿਚਾਰਾਂ ਹੋਣਗੀਆਂ। ਦੋਵੇਂ ਸੈਸ਼ਨਾਂ ਵਿੱਚ ਵਿਦਵਾਨ ਸ਼ਿਰਕਤ ਕਰਨਗੇ। ਗੁਲਜ਼ਾਰ ਸਿੰਘ ਸੰਧੂ, ਡਾ. ਰਘਬੀਰ ਸਿੰਘ ਸਿਰਜਣਾ, ਸੁਰਿੰਦਰ ਗਿੱਲ, ਰਿਪੁਦਮਨ ਸਿੰਘ ਰੂਪ, ਸਿਰੀ ਰਾਮ ਅਰਸ਼ ਅਤੇ ਸੁਰਜੀਤ ਕੌਰ ਬੈਂਸ ਦਾ ਸਨਮਾਨ ਵੀ ਹੋਵੇਗਾ।