ਪੰਜਾਬ ਨੂੰ ‘ਆਪ’ ਤੇ ਕੇਂਦਰ ਸਰਕਾਰ ਨੇ ਰਲ ਕੇ ਮਾਰਿਆ: ਵੜਿੰਗ
ਰਮੇਸ਼ ਭਾਰਦਵਾਜ/ ਕਰਮਵੀਰ ਸੈਣੀ
ਇੱਥੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਘੱਗਰ ਦਰਿਆ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੰਤਰੀ ਤੇ ਆਗੂ ਘੱਗਰ ਦਰਿਆ ਸਬੰਧੀ ਜਾਇਜ਼ਾ ਲੈਣ ਆਉਂਦੇ ਹਨ ਪਰ ਡਰਾਮੇਬਾਜ਼ੀਆਂ ਕਰ ਕੇ ਫੋਟੋਆਂ ਖਿਚਵਾ ਕੇ ਵਾਪਸ ਮੁੜ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਵਾਂ ਸਰਕਾਰਾਂ ਪੰਜਾਬ ਅਤੇ ਕੇਂਦਰ ਨੇ ਰਲ ਕੇ ਮਾਰਿਆ। ਉਨ੍ਹਾਂ ਕਿਹਾ ਕਿ ਹੁਣ ਵੀ ਸਰਕਾਰ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਇਸ ਨੂੰ ਬਚਾਅ ਕੇ ਇਹ ਪੈਸਾ ਹੜ੍ਹ ਪੀੜਤਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਪਿੰਡਾਂ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਕਾਰ ਨਾਲੋਂ ਵੱਧ ਚੜ੍ਹ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ, ਉਸ ਨਾਲ ਤਾਂ ਕੁਝ ਵੀ ਨਹੀਂ ਬਣਨਾ।
ਉਨ੍ਹਾਂ ਕਿਹਾ ਕਿ ਕੇਂਦਰ ਵਾਲੇ ਕਹਿ ਕੇ ਗਏ ਹਨ ਕਿ 12 ਹਜ਼ਾਰ ਕਰੋੜ ਰੁਪਏ ਪੰਜਾਬ ਕੋਲ ਪਹਿਲਾਂ ਵੀ ਫੰਡ ਪਿਆ ਹੈ। ਇਸ ਫੰਡ ਵਿੱਚੋਂ ਕੁਝ ਇਸ਼ਤਿਹਾਰਾਂ ਅਤੇ ਕੁਝ ਦਿੱਲੀ ਦੀਆਂ ਚੋਣਾਂ ’ਤੇ ਲੱਗ ਗਿਆ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਤਰਪਾਲਾਂ ਅਤੇ ਨਕਦ ਰਾਸ਼ੀ ਵੰਡੀ। ਇਸ ਮੌਕੇ ਕਾਂਗਰਸੀ ਆਗੂ ਰਾਹੁਲਇੰਦਰ ਸਿੱਧੂ ਭੱਠਲ ਨੇ ਡੀਜ਼ਲ ਦੇ ਡਰੰਮ ਦੇ ਕੇ ਕਿਸਾਨਾਂ ਦੀ ਮਦਦ ਕੀਤੀ।
ਵੜਿੰਗ ਨੇ ਕਿਹਾ ਕਿ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ, ਹੜ੍ਹ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਮਕਾਨ ਮੁਆਵਜ਼ਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਦੁਰਲੱਭ ਸਿੰਘ ਸਿੱਧੂ, ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ ਮੌਜੂਦ ਸਨ।
ਪ੍ਰਧਾਨ ਮੰਤਰੀ ਹੜ੍ਹ ਰਾਹਤ ’ਤੇ ਸਿਆਸਤ ਨਾ ਕਰਨ: ਵੜਿੰਗ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਰਾਹਤ ’ਤੇ ਰਾਜਨੀਤੀ ਨਾ ਕਰਨ ਅਤੇ ਪੰਜਾਬ ਵਿੱਚ ‘ਆਪ’ ਸਰਕਾਰ ਦੀ ਨਾਕਾਬਲੀਅਤ ਦਾ ਫ਼ਾਇਦਾ ਨਾ ਉਠਾਉਣ ਕਿਉਂਕਿ ਇਸ ਨਾਲ ਸਿਰਫ਼ ਬੇਸਹਾਰਾ ਪੰਜਾਬੀਆਂ ਨੂੰ ਹੀ ਦੁੱਖ ਹੋਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਪੰਜਾਬ ਨੂੰ ਘਟੋਂ-ਘੱਟ 25 ਹਜ਼ਾਰ ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ। ਉਨ੍ਹਾਂ ਪੁੱਛਿਆ ਕਿ ਜਦੋਂ ਪ੍ਰਧਾਨ ਮੰਤਰੀ ਜਾਣਦੇ ਸਨ ਕਿ ਪੰਜਾਬ ਵਿੱਚ ’ਆਪ’ ਸਰਕਾਰ ਨੇ ਆਫ਼ਤ ਪ੍ਰਤੀਕਿਰਿਆ ਫ਼ੰਡਾਂ (ਡਿਜ਼ਾਸਟਰ ਰਿਸਪੋਂਸ ਫੰਡਜ਼) ਨੂੰ ਡਾਈਵਰਟ ਕਰ ਦਿੱਤਾ ਹੈ, ਤਾਂ ਉਨ੍ਹਾਂ ਹੜ੍ਹ ਰਾਹਤ ਲਈ ਇੰਨਾ ਮਾਮੂਲੀ ਪੈਕੇਜ ਕਿਉਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੁਕਿਆ ਨਹੀਂ ਹੈ ਕਿ ’ਆਪ’ ਨੇ ਪੰਜਾਬ ਨੂੰ ਵਿੱਤੀ ਤੌਰ ’ਤੇ ਬਰਬਾਦ ਕਰ ਦਿੱਤਾ ਹੈ ਅਤੇ ਉਸ ਕੋਲ ਤਨਖ਼ਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ।