ਤਿੱਖੀ ਧੁੱਪ ਨਾਲ ਤਪਿਆ ਪੰਜਾਬ ਮੀਂਹ ਨੇ ਠਾਰਿਆ
ਆਤਿਸ਼ ਗੁਪਤਾ
ਚੰਡੀਗੜ੍ਹ, 16 ਜੂਨ
ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਦਾ ਕਹਿਰ ਅੱਜ ਦਿਨ ਭਰ ਜਾਰੀ ਰਿਹਾ ਹੈ, ਪਰ ਬਾਅਦ ਦੁਪਹਿਰ ਕਈ ਖੇਤਰਾਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਦਿਵਾ ਦਿੱਤੀ ਹੈ। ਅੱਜ ਪੰਜਾਬ ਦੇ ਰੋਪੜ, ਲੁਧਿਆਣਾ ਤੇ ਮੁਹਾਲੀ ਦੇ ਕਈ ਖੇਤਰਾਂ ਵਿੱਚ ਮੀਂਹ ਪਿਆ, ਜਿਸ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਉੱਧਰ, ਪੰਜਾਬ ਵਿੱਚ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਸ਼ਹਿਰ ਸਭ ਤੋਂ ਗਰਮ ਰਹੇ ਹਨ, ਜਿੱਥੇ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਵੀ ਪੰਜਾਬ ਵਿੱਚ ਅਗਲੇ 2 ਦਿਨ 17 ਤੇ 18 ਜੂਨ ਨੂੰ ਕਿਤੇ-ਕਿਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਹਾਲਾਂਕਿ ਮੌਸਮ ਵਿਗਿਆਨੀਆਂ ਅਨੁਸਾਰ ਇਹ ਪੂਰਾ ਹਫ਼ਤਾਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।
ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸਵੇਰ ਤੋਂ ਧੁੱਪ ਨਿਕਲੀ ਹੋਈ ਸੀ, ਜਿਸ ਕਰਕੇ ਤਾਪਮਾਨ ਆਮ ਦੇ ਬਰਾਬਰ ਦਰਜ ਕੀਤਾ ਗਿਆ ਪਰ ਬਾਅਦ ਦੁਪਹਿਰ ਕਈ ਖੇਤਰਾਂ ਵਿੱਚ ਮੌਸਮ ਅਚਾਨਕ ਹੀ ਬਦਲ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਪੜ ਵਿੱਚ ਕੁਝ ਸਮੇਂ ਵਿੱਚ ਹੀ ਭਾਰੀ ਮੀਂਹ ਪਿਆ। ਰੋਪੜ ਵਿੱਚ ਸ਼ਾਮ ਸਮੇਂ 36.5 ਐੱਮਐੱਮ ਮੀਂਹ ਪਿਆ। ਪੰਜਾਬ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਦਾ ਅਸਰ ਹੋਰਨਾਂ ਇਲਾਕਿਆਂ ਵਿੱਚ ਵੀ ਦਿਖਾਈ ਦਿੱਤਾ, ਜਿੱਥੇ ਤਾਪਮਾਨ ਵਿੱਚ ਮਾਮੂਲੀ ਠੰਢਕ ਮਹਿਸੂਸ ਹੋਈ। ਮੀਂਹ ਦੇ ਦਸਤਕ ਦੇਣ ਨਾਲ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ। ਇਸ ਦੌਰਾਨ ਕਿਸਾਨਾਂ ਨੇ ਝੋਨੇ ਦੀ ਲੁਆਈ ਤੇਜ਼ ਕਰ ਦਿੱਤੀ। ਮੀਂਹ ਕਾਰਨ ਬਿਜਲੀ ਵਿਭਾਗ ਨੇ ਵੀ ਸੁੱਖ ਦਾ ਸਾਹ ਲਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 37.4 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 37, ਪਟਿਆਲਾ ਵਿੱਚ 35.6 , ਪਠਾਨਕੋਟ ਵਿੱਚ 37.1, ਬਠਿੰਡਾ ਏਅਰਪੋਰਟ ਵਿੱਚ 36.6, ਬਠਿੰਡਾ ਸ਼ਹਿਰ ਵਿੱਚ 36, ਫਰੀਦਕੋਟ ਵਿੱਚ 34.5, ਨਵਾਂਸ਼ਹਿਰ ਵਿੱਚ 35.2, ਫਰੀਦਕੋਟ ਵਿੱਚ 36.8, ਫ਼ਤਹਿਗੜ੍ਹ ਸਾਹਿਬ ਵਿੱਚ 35.1, ਫਾਜ਼ਿਲਕਾ ਵਿੱਚ 35.4 , ਫਿਰੋਜ਼ਪੁਰ ਵਿੱਚ 34.5, ਹੁਸ਼ਿਆਰਪੁਰ ਵਿੱਚ 34.7, ਜਲੰਧਰ ਵਿੱਚ 34.9, ਮੋਗਾ ਵਿੱਚ 33.6, ਮੁਹਾਲੀ ਵਿੱਚ 36 ਅਤੇ ਰੋਪੜ ਵਿੱਚ 35.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।