ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਨੇ ਭਾਰਤ ਵਿੱਚ ਪਹਿਲੀ ਵਾਰ ਸਟੇਟ ਵਾਈਜ਼ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਦੇ ਅਧਾਰ ’ਤੇ 14 ਪ੍ਰਮੁੱਖ ਬਰਾਂਡਾਂ ਨੂੰ ਤਲਬ ਕੀਤਾ ਹੈ ਇਸ ਦੇ ਨਾਲ ਹੀ ਬੋਰਡ ਨੇ ਇਨ੍ਹਾਂ ਬਰਾਂਡਾਂ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਬੋਰਡ ਅਨੁਸਾਰ ਇਹ ਪ੍ਰਮੁੱਖ ਬਰਾਂਡ ਪਲਾਸਟਿਕ ਨੂੰ ਰੀਸਾਈਕਲ ਕਰਨ ਵਾਲੇ ਪਾਸੇ ਬਿਲਕੁਲ ਹੀ ਧਿਆਨ ਨਹੀਂ ਦੇ ਰਹੇ, ਜਿਨ੍ਹਾਂ ਦੀ ਪਛਾਣ ਤੋਂ ਬਾਅਦ ਕੀਤੀ ਜਾਂਚ ਮਗਰੋਂ ਇਹ ਸੰਮਨ ਕੀਤੇ ਹਨ। ਪੀ ਪੀ ਸੀ ਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਇਹ ਕਦਮ ਬੋਰਡ ਵੱਲੋਂ ਕੀਤੇ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਤੋਂ ਬਾਅਦ ਚੁੱਕਿਆ ਗਿਆ ਹੈ, ਜੋ ਭਾਰਤ ਵਿੱਚ ਪਹਿਲੀ ਵਾਰ ਕੀਤੀ ਗਈ ਕਾਰਵਾਈ ਹੈ।
ਪੀ ਪੀ ਸੀ ਬੀ ਨੇ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਵਿੱਚ ਪਲਾਸਟਿਕ ਵੇਸਟ ਬ੍ਰਾਂਡ ਆਡਿਟ-2025 ਕੀਤਾ। ਅਧਿਐਨ ਨੇ ਇਨ੍ਹਾਂ ਸ਼ਹਿਰਾਂ ਵਿੱਚ ਵੱਖ-ਵੱਖ ਖੇਤਰਾਂ ਤੋਂ ਇਕੱਠੇ ਕੀਤੇ ਪਲਾਸਟਿਕ ਵੇਸਟ ਜਾਂਚ ਕੀਤੀ, ਜਿਸ ਤੋਂ ਪਤਾ ਲੱਗਾ ਕਿ ਕਿਹੜੀਆਂ ਕੰਪਨੀਆਂ ਸਭ ਤੋਂ ਵੱਧ ਪਲਾਸਟਿਕ ਵੇਸਟ ਕਰ ਰਹੀਆਂ ਹਨ। ਨਤੀਜਿਆਂ ਅਨੁਸਾਰ ਇਸ ਪਲਾਸਟਿਕ ਵੇਸਟ ਦਾ 88 ਫ਼ੀਸਦੀ ਰੀਸਾਈਕਲ ਕਰਨ ਵਿੱਚ ਕਾਫ਼ੀ ਮੁਸ਼ਕਲ ਹੈ। ਚੇਅਰਪਰਸਨ ਨੇ ਕਿਹਾ ਕਿ ਛੇ ਸ਼ਹਿਰਾਂ ਵਿੱਚ ਕੁੱਲ 11,810 ਪਲਾਸਟਿਕ ਪੈਕੇਟ ਮਿਲੇ। ਬੋਰਡ ਨੇ ਨੋਟ ਕੀਤਾ ਕਿ ਕੁਝ ਕੰਪਨੀਆਂ/ਬ੍ਰਾਂਡ ਮਾਲਕ ਈ ਪੀ ਆਰ ਟੀਚਿਆਂ ਨੂੰ ਸਿਰਫ਼ ਕਾਗ਼ਜ਼ਾਂ ‘ਤੇ ਪੂਰਾ ਕਰ ਰਹੀਆਂ ਹਨ, ਜਿਵੇਂ ਕਿ ਗੈਰ-ਪ੍ਰਮਾਣਿਤ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਆਪਣੀ ਜ਼ਿੰਮੇਵਾਰੀ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕਰਕੇ ਖ਼ੁਦ ਫ਼ਾਰਗ ਹੋਣ ਦਾ ਤਰੀਕਾ ਲੱਭਿਆ ਜਾ ਰਿਹਾ ਹੈ। ਇਹ ਤਰੀਕਾ ਪੰਜਾਬ ਦੀ ਪ੍ਰਦੂਸ਼ਣ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਵਧਾਉਂਦਾ ਹੈ।
ਬਰਾਂਡਾਂ ਦੇ ਨਾਂ ਨਹੀਂ ਦੇ ਸਕਦੇ: ਸਕੱਤਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਲਵਨੀਤ ਨੇ ਕਿਹਾ ਹੈ ਕੇ ਜਿਨ੍ਹਾਂ ਨੂੰ ਸੰਮਨ ਕੀਤੇ ਹਨ ਉਨ੍ਹਾਂ ਬਰਾਂਡਾਂ ਦੇ ਨਾਮ ਨਹੀਂ ਦੇ ਸਕਦੇ, ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕੇ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਬਰਾਡਾਂ ਦੇ ਨਾਮ ਨਹੀਂ ਦੱਸੇ ਜਾਂਦੇ ਤਾਂ ਉਨ੍ਹਾਂ ਨੂੰ ਬਾਅਦ ’ਚ ਛੱਡ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਜੋ ਮਰਜ਼ੀ ਕਹੋ ਪਰ ਅਸੀਂ ਨਾਮ ਨਹੀਂ ਦੇਵਾਂਗੇ, ਇਹ ਪ੍ਰੈੱਸ ਨੋਟ ਚੇਅਰਪਰਸਨ ਨੇ ਜਾਰੀ ਕੀਤਾ ਹੈ।

