DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਫੌਜ ਦੇ ਹੱਕ ’ਚ ਨਿੱਤਰੇ ਪੰਜਾਬ ਦੇ ਸਿਆਸੀ ਆਗੂ

ਅਕਾਲੀ ਆਗੂ ਵੱਲੋਂ ਸੂਬਾ ਸਰਕਾਰ ’ਤੇ ਪਾਣੀਆਂ ਦੇ ਮੁੱਦੇ ’ਤੇ ਅਦਾਲਤ ਵਿੱਚ ਸਹੀ ਢੰਗ ਨਾਲ ਆਪਣਾ ਪੱਖ ਨਾ ਰੱਖਣ ਦਾ ਦੋਸ਼
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 7 ਮਈ

Advertisement

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਮਾਨਵਤਾ ਦੇ ਖ਼ਿਲਾਫ਼ ਪਹਿਲਗਾਮ ਵਿੱਚ ਕੀਤੀ ਗਈ ਕਾਰਵਾਈ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਇਸ ਲਈ ਭਾਰਤੀ ਫੌਜ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਚਲਦੇ ਅਤਿਵਾਦੀ ਅੱਡਿਆਂ ’ਤੇ ਮਿੱਥ ਕੇ ਨਿਸ਼ਾਨੇ ਲਗਾਏ ਗਏ ਤੇ 27 ਨਿਰਦੋਸ਼ ਪਰਿਵਾਰਾਂ ਨੂੰ ਅਪਰੇਸ਼ਨ ਸਿੰਦੂਰ ਤਹਿਤ ਇਨਸਾਫ ਦਿਵਾਇਆ ਗਿਆ। ਉਨ੍ਹਾਂ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਵਿੱਚ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਗੁਰਦੁਆਰੇ ’ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਾਣੀਆਂ ਦੇ ਮੁੱਦੇ ’ਤੇ ਅਦਾਲਤ ਵਿੱਚ ਸਹੀ ਢੰਗ ਨਾਲ ਆਪਣਾ ਪੱਖ ਨਹੀਂ ਰੱਖ ਸਕੀ।

ਜਾਖੜ ਵੱਲੋਂ ਪ੍ਰਧਾਨ ਮੰਤਰੀ ਤੇ ਫ਼ੌਜ ਦਾ ਧੰਨਵਾਦ

ਚੰਡੀਗੜ੍ਹ (ਟਨਸ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਫ਼ੌਜ ਵੱਲੋਂ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫ਼ੌਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਨਾਗਰਿਕਾਂ ’ਤੇ ਹਮਲੇ ਕਰਨ ਦੀ ਬਜਾਇ ਸਿਰਫ਼ ਅਤਿਵਾਦੀਆਂ ਦੇ ਟਿਕਾਣੇ ਨਸ਼ਟ ਕਰ ਕੇ ਸ਼ਾਨਦਾਰ ਕੰਮ ਕੀਤਾ ਹੈ। ਸਾਰਾ ਦੇਸ਼ ਫ਼ੌਜ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹਮਲਾ ਕਰ ਕੇ ਨਿਹੱਥੇ ਲੋਕਾਂ ਨੂੰ ਕਤਲ ਕੀਤਾ ਸੀ। ਸ੍ਰੀ ਜਾਖੜ ਨੇ ਕਿਹਾ ਕਿ ਭਾਰਤ ਸਰਕਾਰ ਤੇ ਫ਼ੌਜ ਚੁੱਪ ਕਰ ਕੇ ਬੈਠਣ ਵਾਲੇ ਨਹੀਂ ਹਨ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿਸਾਨ ਜਥੇਬੰਦੀਆਂ ਤੇ ਹੋਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਰਨੇ ਪ੍ਰਦਰਸ਼ਨ ਮੁਲਤਵੀ ਕਰ ਦੇਣ।

ਫ਼ੌਜ ਦੀ ਬਹਾਦਰੀ ’ਤੇ ਪੂਰੇ ਦੇਸ਼ ਨੂੰ ਮਾਣ: ਭਗਤ

ਚੰਡੀਗੜ੍ਹ (ਟਨਸ): ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਭਾਰਤੀ ਫ਼ੌਜ ਨੇ 22 ਅਪਰੈਲ ਨੂੰ ਜੰਮੂ ਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਸਥਿਤ ਨੌਂ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਭਾਰਤੀ ਫ਼ੌਜ ਦੀ ਇਸ ਦਲੇਰਾਨਾ ਕਾਰਵਾਈ ’ਤੇ ਪੂਰਾ ਦੇਸ਼ ਫਖ਼ਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਦੂਰ ਤੋਂ ਡਰਿਆ ਹੋਇਆ ਦੁਸ਼ਮਣ ਦੇਸ਼ ਕਿਸੇ ਵੀ ਤਰ੍ਹਾਂ ਦੀ ਨਾਪਾਕ ਸਾਜਿਸ਼ ਰਚ ਸਕਦਾ ਹੈ। ਇਸ ਲਈ ਸਰਹੱਦੀ ਸੂਬਾ ਹੋਣ ਕਰ ਕੇ ਸਾਨੂੰ ਵਧੇਰੇ ਚੌਕਸ ਅਤੇ ਜਾਗਰੂਕ ਰਹਿਣ ਦੀ ਲੋੜ ਹੈ।

ਸੂਬਾ ਸਰਕਾਰ ਤੇ ਤਿੰਨ ਕਰੋੜ ਪੰਜਾਬੀ ਭਾਰਤੀ ਫ਼ੌਜ ਨਾਲ ਖੜ੍ਹੇ: ਅਰੋੜਾ

ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਵਿੱਚ ਅਤਿਵਾਦੀ ਸੰਗਠਨਾਂ ਦੇ 9 ਟਿਕਾਣਿਆਂ ’ਤੇ ਕੀਤੇ ਗਏ ਮਿਸਾਈਲ ਹਮਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਤਿੰਨ ਕਰੋੜ ਪੰਜਾਬੀ ਭਾਰਤੀ ਫ਼ੌਜ ਦੇ ਨਾਲ ਖੜ੍ਹੇ ਹਨ। ਜਦੋਂ ਵੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਕੋਈ ਖ਼ਤਰਾ ਹੋਇਆ ਹੈ, ਪੰਜਾਬੀਆਂ ਨੇ ਹਮੇਸ਼ਾ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਜਾਨਾਂ ਕੁਰਬਾਨ ਕਰਨ ਲਈ ਅੱਗੇ ਆਏ ਹਨ। ਇਸ ਵਾਰ ਵੀ ਅਸੀਂ ਪਾਕਿਸਤਾਨ ਨੂੰ ਜਵਾਬ ਦੇਣ ਲਈ ਤਿਆਰ ਹਾਂ। ਸ੍ਰੀ ਅਰੋੜਾ ਨੇ ਕਿਹਾ ਕਿ ਜੇ ਪਾਕਿਸਤਾਨ ਜਵਾਬੀ ਕਾਰਵਾਈ ਕਰਦਾ ਹੈ ਤਾਂ ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਫ਼ੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਕਾਂਗਰਸ: ਵੜਿੰਗ

ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਕੈਂਪਾਂ ’ਤੇ ਕੀਤੇ ਹਮਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ੌਜ ਨੇ ਅਤਿਵਾਦੀ ਕੈਂਪਾਂ ਨੂੰ ਤਬਾਹ ਕਰ ਕੇ ਇਨ੍ਹਾਂ ਕੈਂਪਾਂ ’ਚ ਸ਼ਾਮਲ ਕਈ ਅਤਿਵਾਦੀਆਂ ਨੂੰ ਮਾਰ ਕੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਰੱਖਿਆ ਬਲਾਂ ਨੂੰ ਉਨ੍ਹਾਂ ਸਟੀਕ ਹਮਲਿਆਂ ਲਈ ਵਧਾਈ ਦਿੱਤੀ ਜੋ ਕਿਸੇ ਵੀ ਨਾਗਰਿਕ ਜਾਂ ਫ਼ੌਜੀ ਸਥਾਪਨਾ ਨੂੰ ਨਿਸ਼ਾਨਾ ਬਣਾਏ ਬਿਨਾਂ ਪੂਰੀ ਤਰ੍ਹਾਂ ਅਤਿਵਾਦੀ ਕੈਂਪਾਂ ’ਤੇ ਕੇਂਦ੍ਰਿਤ ਸਨ। ਉਨ੍ਹਾਂ ਨੇ ਰੱਖਿਆ ਸੇਵਾਵਾਂ ਅਤੇ ਦੁਸ਼ਮਣਾਂ ਵਿਰੁੱਧ ਜੰਗ ਲੜ ਰਹੇ ਫ਼ੌਜੀਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸੈਨਿਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਜੰਮੂ ਕਸ਼ਮੀਰ ਵਿੱਚ ਨਾਗਰਿਕਾਂ ’ਤੇ ਪਾਕਿਸਤਾਨੀ ਫ਼ੌਜ ਦੇ ਹਮਲੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਪੂਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।

Advertisement
×