ਚੰਡੀਗੜ੍ਹ ਪੁਲੀਸ ਦੀ ਚਤੁਰਾਈ ਅੱਗੇ ਪੰਜਾਬ ਪੁਲੀਸ ਫ਼ੇਲ੍ਹ
ਚਤੁਰਵੇਦੀ ਦੀ ਗ੍ਰਿਫ਼ਤਾਰੀ ਮਾਮਲੇ ’ਤੇ ਯੂ ਟੀ ਤੇ ਰੋਪੜ ਪੁਲੀਸ ’ਚ ਖਿੱਚੋਤਾਣ
ਰਾਜ ਸਭਾ ਦੀ ਜ਼ਿਮਨੀ ਚੋਣ ਲਈ ਨਿੱਤਰੇ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਨਵੀਂ ਤਲਖ਼ੀ ਪੈਦਾ ਹੋ ਗਈ ਹੈ। ਚਤੁਰਵੇਦੀ ਨੂੰ ਗ੍ਰਿਫ਼ਤਾਰੀ ਕਰਨ ਪੁੱਜੀ ਪੰਜਾਬ ਪੁਲੀਸ ਦੀ ਕੋਸ਼ਿਸ਼ ਨੂੰ ਯੂ ਟੀ ਪੁਲੀਸ ਨੇ ਨਾਕਾਮ ਕਰ ਦਿੱਤਾ। ਨਵਨੀਤ ਚਤੁਰਵੇਦੀ ਵੱਲੋਂ ‘ਆਪ’ ਦੇ 10 ਵਿਧਾਇਕਾਂ ਵਾਲਾ ਸਮਰਥਨ ਪੱਤਰ, ਕਾਗ਼ਜ਼ ਦਾਖ਼ਲ ਕਰਨ ਮੌਕੇ ਦਿੱਤਾ ਗਿਆ ਸੀ ਪ੍ਰੰਤੂ ਵਿਧਾਇਕਾਂ ਨੇ ਇਨ੍ਹਾਂ ਦਸਤਖ਼ਤ ਨੂੰ ਜਾਅਲੀ ਕਰਾਰ ਦੇ ਦਿੱਤਾ ਸੀ ਜਿਸ ਮਗਰੋਂ ਚਤੁਰਵੇਦੀ ਦੇ ਕਾਗ਼ਜ਼ ਰੱਦ ਹੋ ਗਏ।
‘ਆਪ’ ਵਿਧਾਇਕਾਂ ਦੀ ਸ਼ਿਕਾਇਤ ’ਤੇ ਲੰਘੀ ਰਾਤ ਰੋਪੜ, ਮੋਗਾ, ਲੁਧਿਆਣਾ ਅਤੇ ਸਰਦੂਲਗੜ੍ਹ ਦੇ ਥਾਣਿਆਂ ’ਚ ਕੇਸ ਦਰਜ ਹੋ ਗਏ ਸਨ। ਰੋਪੜ ਪੁਲੀਸ ਅੱਜ ਚਤੁਰਵੇਦੀ ਦੇ ਗ੍ਰਿਫ਼ਤਾਰੀ ਵਾਰੰਟ ਲੈ ਕੇ ਪੁੱਜੀ ਸੀ, ਜਿਸ ਦੇ ਦੇਰ ਸ਼ਾਮ ਤੱਕ ਕੁਝ ਵੀ ਹੱਥ ਪੱਲੇ ਨਹੀਂ ਪਿਆ। ਅੱਜ ਰੋਪੜ ਪੁਲੀਸ ਦੇ ਚੰਡੀਗੜ੍ਹ ਪਹੁੰਚਣ ਦੌਰਾਨ ਹੀ ਯੂ ਟੀ ਪੁਲੀਸ ਨੇ ਚਤੁਰਵੇਦੀ ਨੂੰ ਇੱਧਰ-ਉੱਧਰ ਕਰ ਦਿੱਤਾ। ਚੰਡੀਗੜ੍ਹ ਪੁਲੀਸ ਵੱਲੋਂ ਚਤੁਰਵੇਦੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਰੋਪੜ ਪੁਲੀਸ ਅੱਜ ਗ੍ਰਿਫ਼ਤਾਰੀ ਲਈ ਚੰਡੀਗੜ੍ਹ ਪੁਲੀਸ ਦਾ ਪਿੱਛਾ ਵੀ ਕਰਦੀ ਰਹੀ। ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ’ਚ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਾਇਆ ਹੈ। ਐੱਸ ਪੀ ਗੁਰਦੀਪ ਸਿੰਘ ਗੋਸਲ ਦੀ ਅਗਵਾਈ ’ਚ ਰੋਪੜ ਪੁਲੀਸ ਦੀ ਟੀਮ ਨੇ ਅੱਜ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਨਵਨੀਤ ਚਤੁਰਵੇਦੀ ਅੱਜ ਚੰਡੀਗੜ੍ਹ ਪੁਲੀਸ ਦੇ ਸੈਕਟਰ ਤਿੰਨ ਦੇ ਐੱਸ ਐੱਚ ਓ ਦੇ ਸੁਰੱਖਿਆ ਘੇਰੇ ’ਚ ਸਨ ਤਾਂ ਉਨ੍ਹਾਂ ਨੂੰ ਰੋਪੜ ਪੁਲੀਸ ਨੇ ਸੁਖਨਾ ਝੀਲ ਕੋਲ ਰੋਕਿਆ। ਇਸ ਮੌਕੇ ਚੰਡੀਗੜ੍ਹ ਤੇ ਰੋਪੜ ਪੁਲੀਸ ਦਰਮਿਆਨ ਆਪਸੀ ਝੜਪ ਵੀ ਹੋਈ। ਮਾਹੌਲ ਦੀ ਗੰਭੀਰਤਾ ਨੂੰ ਦੇਖਦਿਆਂ ਚੰਡੀਗੜ੍ਹ ਪੁਲੀਸ ਨੇ ਉੱਚ ਅਫ਼ਸਰਾਂ ਨੂੰ ਫ਼ੋਨ ਖੜਕਾ ਦਿੱਤੇ ਅਤੇ ਚੰਡੀਗੜ੍ਹ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਮੌਕੇ ’ਤੇ ਪੁੱਜੇ। ਪੁਲੀਸ ਅਧਿਕਾਰੀ ਨਵਨੀਤ ਚਤੁਰਵੇਦੀ ਨੂੰ ਪੁਲੀਸ ਹੈੱਡਕੁਆਰਟਰ ਲੈ ਆਏ ਅਤੇ ਸੁਰੱਖਿਆ ਲਈ ਪੁਲੀਸ ਦਾ ਪਹਿਰਾ ਲਾ ਦਿੱਤਾ ਗਿਆ। ਬਾਅਦ ਵਿੱਚ ਯੂਟੀ ਪੁਲੀਸ ਸੈਕਟਰ-3 ਦੇ ਥਾਣੇ ’ਚ ਚਤੁਰਵੇਦੀ ਨੂੰ ਲੈ ਗਈ ਜਿੱਥੇ ਪੁਲੀਸ ਨੇ ਕਾਨੂੰਨੀ ਮਾਹਿਰ ਬੁਲਾਏ। ਰੋਪੜ ਪੁਲੀਸ ਵੀ ਸੈਕਟਰ ਤਿੰਨ ਦੇ ਥਾਣੇ ਪੁੱਜ ਗਈ। ਦੂਜੇ ਪਾਸੇ ਰੋਪੜ ਦੇ ਐੱਸ ਐੱਸ ਪੀ ਗੁਲਨੀਤ ਖੁਰਾਣਾ ਵੀ ਯੂਟੀ ਪੁਲੀਸ ਹੈੱਡਕੁਆਰਟਰ ਪਹੁੰਚੇ, ਜਿਨ੍ਹਾਂ ਨੇ ਚੰਡੀਗੜ੍ਹ ਦੇ ਡੀ ਜੀ ਪੀ ਨਾਲ ਮੀਟਿੰਗ ਕੀਤੀ।
ਇਸੇ ਦੌਰਾਨ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਅਤੇ ਬੁਲਾਰੇ ਨੀਲ ਗਰਗ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਨਵਨੀਤ ਚਤੁਰਵੇਦੀ ਦੇ ਮਾਮਲੇ ’ਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚਤੁਰਵੇਦੀ ਨੂੰ ਸਟੇਟ ਗੈੱਸਟ ਬਣਾਇਆ ਹੋਇਆ ਹੈ ਅਤੇ ਜਿਸ ਵਿਅਕਤੀ ਨੂੰ ਸਲਾਖ਼ਾਂ ਪਿੱਛੇ ਹੋਣਾ ਚਾਹੀਦਾ ਸੀ, ਉਸ ਨੂੰ ਚੰਡੀਗੜ੍ਹ ਪੁਲੀਸ ਸੁਰੱਖਿਆ ਪਹਿਰੇ ਹੇਠ ਰੱਖ ਰਹੀ ਹੈ।
ਕਾਗ਼ਜ਼ ਰੱਦ ਕਰਨ ਨੂੰ ਚੁਣੌਤੀ ਦੇਣਗੇ ਚਤੁਰਵੇਦੀ
ਨਵਨੀਤ ਚਤੁਰਵੇਦੀ ਵੱਲੋਂ ਅੱਜ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਕਿਹਾ ਕਿ ਉਹ ਕਾਗ਼ਜ਼ ਰੱਦ ਕੀਤੇ ਜਾਣ ਦੇ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦੇਣਗੇ। ਪੰਜਾਬ ਪੁਲੀਸ ਵੱਲੋਂ ਜੋ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕੀਤੇ ਹਨ, ਉਨ੍ਹਾਂ ਮਾਮਲਿਆਂ ’ਚ ਅਗਾਊ ਜ਼ਮਾਨਤ ਦੀ ਅਰਜ਼ੀ ਵੀ ਭਲਕੇ ਬੁੱਧਵਾਰ ਨੂੰ ਦਾਇਰ ਹੋ ਸਕਦੀ ਹੈ।