Punjab News: ਮੋਢੇ ਨਾਲ ਮੋਢਾ ਖਹਿਣ ਤੋਂ ਬਾਅਦ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ
ਹਰਦੀਪ ਸਿੰਘ
ਧਰਮਕੋਟ, 13 ਜੂਨ
ਇੱਥੇ ਬਾਜ਼ਾਰ ਵਿੱਚ ਲੰਘ ਰਹੇ ਦੋ ਨੌਜਵਾਨਾਂ ਦੇ ਆਪਸ ਵਿਚ ਮੋਢੇ ਭਿੜਨ ਤੋਂ ਬਾਅਦ ਹੋਈ ਤਕਰਾਰ ਦੇ ਲੜਾਈ ਵਿਚ ਬਦਲ ਜਾਣ ਕਾਰਨ ਇਕ ਨੌਜਵਾਨ ਦੀ ਕੁੱਟਮਾਰ ਨਾਲ ਮੌਤ ਹੋ ਗਈ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ।
ਮ੍ਰਿਤਕ ਸੋਨੂੰ (32) ਇੱਥੋਂ ਦੀ ਦਲਿਤ ਬਸਤੀ ਦੇ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਉਸ ਦੀਆਂ ਚਾਰ ਧੀਆਂ ਦੱਸੀਆਂ ਜਾ ਰਹੀਆਂ ਹਨ। ਝਗੜੇ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਸੋਨੂੰ ਨੂੰ ਮੋਗਾ, ਫਰੀਦਕੋਟ ਤੇ ਬਾਅਦ ਵਿਚ ਬਠਿੰਡਾ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਵੀਰਵਾਰ ਨੂੰ ਦਮ ਤੋੜ ਗਿਆ। ਪੁਲੀਸ ਨੇ ਗੋਵਿੰਦਾ ਨਾਮੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਸੋਨੂੰ ਬਾਜ਼ਾਰ ਸਾਮਾਨ ਲੈਣ ਗਿਆ ਸੀ, ਜਿੱਥੇ ਉਸ ਦਾ ਮੋਢਾ ਗੋਵਿੰਦਾ ਨਾਮੀ ਨੌਜਵਾਨ ਨਾਲ ਅਚਾਨਕ ਲੱਗ ਗਿਆ। ਇਸ ਤੋਂ ਗੁੱਸੇ ਵਿੱਚ ਆਏ ਗੋਵਿੰਦਾ ਨੇ ਸੋਨੂੰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦਾ ਸਿਰ ਕੰਧ ਨਾਲ ਮਾਰਿਆ ਅਤੇ ਸੋਨੂੰ ਗੰਭੀਰ ਜ਼ਖ਼ਮੀ ਹੋ ਗਿਆ।
ਇਲਾਜ ਲਈ ਉਸਨੂੰ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਕੱਲ੍ਹ ਦੁਪਹਿਰ ਵੇਲੇ ਉਸਨੇ ਬਠਿੰਡਾ ਦੇ ਏਮਜ਼ ਵਿਚ ਦਮ ਤੋੜ ਦਿੱਤਾ। ਪਰਿਵਾਰ ਨੇ ਆਪਣੀ ਗਰੀਬੀ ਹਾਲਾਤ ਦੇ ਚੱਲਦਿਆਂ ਸਰਕਾਰ ਤੋਂ ਆਰਥਿਕ ਮੱਦਦ ਮੰਗੀ ਹੈ।
ਥਾਣਾ ਮੁਖੀ ਜਤਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੌਕਾ-ਏ-ਵਾਰਦਾਤ ਤੋਂ ਇਕੱਤਰ ਜਾਣਕਾਰੀ ਤੋਂ ਬਾਅਦ ਨਾਮਜ਼ਦ ਮੁਲਜ਼ਮ ਗੋਵਿੰਦਾ ਵਿਰੁੱਧ ਕੇਸ ਦਰਜ ਕਰਨ ਪਿੱਛੋਂ ਉਸ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਗਿਆ ਹੈ।