Punjab News: ਖੇਤ ਪਾਣੀ ਲਾਉਣ ਗਿਆ ਨੌਜਵਾਨ ਲਾਪਤਾ, ਭਾਲ ਜਾਰੀ
ਹਰਦੀਪ ਸਿੰਘ
ਧਰਮਕੋਟ, 20 ਜੂਨ
ਨਜ਼ਦੀਕੀ ਪਿੰਡ ਭਿੰਡਰ ਖੁਰਦ ਦਾ ਇੱਕ ਨੌਜਵਾਨ ਲੰਘੀ ਰਾਤ ਲਾਪਤਾ ਹੋ ਗਿਆ। ਉਹ ਰਾਤੀਂ ਤਕਰੀਬਨ ਦਸ ਵਜੇ ਖੇਤ ਨੂੰ ਪਾਣੀ ਲਗਾਉਣ ਗਿਆ ਸੀ, ਪਰ ਮੁੜ ਘਰ ਨਹੀਂ ਪਰਤਿਆ। ਲਾਪਤਾ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ (25) ਪੁੱਤਰ ਰਜਿੰਦਰ ਸਿੰਘ ਵਜੋਂ ਹੋਈ ਹੈ।
ਨੌਜਵਾਨ ਕੁਲਵਿੰਦਰ ਸਿੰਘ ਪਿੰਡ ਭਿੰਡਰ ਖੁਰਦ ਦੇ ਖੁਸ਼ਹਾਲ ਜ਼ਿਮੀਦਾਰ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਦਾ ਦੂਸਰਾ ਭਰਾ ਵਿਦੇਸ਼ ਇਟਲੀ ਵਿਚ ਰਹਿੰਦਾ ਹੈ। ਪਰਿਵਾਰ ਵਲੋਂ ਗੁੰਮ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਕੁਲਵਿੰਦਰ ਸਿੰਘ ਪਿੰਡ ਤੋਂ ਕੁਝ ਦੂਰ ਇੰਦਰਗੜ੍ਹ-ਭਿੰਡਰ ਵਿਚਕਾਰ ਨਹਿਰ ਪਾਸ ਆਪਣੇ ਖੇਤ ਨੂੰ ਲਗਾਏ ਜਾ ਰਹੇ ਪਾਣੀ ਦਾ ਨੱਕਾ ਮੋੜਨ ਗਿਆ ਸੀ। ਜਦੋਂ ਲੰਬਾ ਸਮਾਂ ਬੀਤ ਜਾਣ ’ਤੇ ਵੀ ਉਹ ਘਰ ਵਾਪਸ ਨਾ ਮੁੜਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਤਲਾਸ਼ ਆਰੰਭੀ ਗਈ।
ਅੱਜ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਨਹਿਰ ਦੇ ਇਰਦ ਗਿਰਦ ਉਸ ਦੀ ਭਾਲ ਆਰੰਭੀ। ਗੋਤਾਖੋਰਾਂ ਦੀ ਮੱਦਦ ਨਾਲ ਨਹਿਰ ਵਿਚ ਵੀ ਉਸ ਦੀ ਭਾਲ ਸ਼ੁਰੂ ਕੀਤੀ ਗਈ ਹੈ। ਉਸ ਦਾ ਮੋਟਰ ਸਾਈਕਲ ਵੀ ਨਹੀਂ ਮਿਲਿਆ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਤੇ ਲੁਟੇਰੇ ਉਸ ਨੂੰ ਨਹਿਰ ਵਿਚ ਧੱਕਾ ਦੇ ਕੇ ਤੇ ਮੋਟਰਸਾਈਕਲ ਲੈ ਕੇ ਫ਼ਰਾਰ ਨਾ ਹੋ ਗਏ ਹੋਣ। ਨਹਿਰ ਦੇ ਪੁਲ ਉਪਰੋਂ ਹਲਕੇ ਝਰੀਟਾਂ ਦੇ ਨਿਸ਼ਾਨ ਮਿਲੇ ਹਨ।
ਇਸ ਸਬੰਧੀ ਥਾਣਾ ਧਰਮਕੋਟ ਦੇ ਮੁਖੀ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਦੀ ਗੁੰਮਸ਼ੁਦਗੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਹ ਮੌਕੇ ਉੱਤੇ ਪੁੱਜੇ ਹੋਏ ਹਨ ਅਤੇ ਸਾਰੇ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ।