Punjab news ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਿਮਾਚਲ ਪੁਲੀਸ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਚਲਾਵਾਂਗੇ: ਚੀਮਾ
ਐਨਪੀ. ਧਵਨ
ਪਠਾਨਕੋਟ, 5 ਮਾਰਚ
Punjab news ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਨਸ਼ਿਆਂ ਖਿਲਾਫ਼ ਜੰਗ’ (War against drugs) ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਪਠਾਨਕੋਟ ਦਾ ਦੌਰਾ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਨਸ਼ਿਆਂ ਨਾਲ ਸਬੰਧਤ ਸਰਗਰਮੀਆਂ ਨੂੰ ਠੱਲ੍ਹ ਪਾਉਣ ਲਈ ਚੱਲ ਰਹੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਨਸ਼ਾ ਵਿਰੋਧੀ ਕਦਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਵਿੱਤ ਮੰਤਰੀ ਨੇ ਜ਼ਿਲ੍ਹਾ ਪੁਲੀਸ ਦਫ਼ਤਰ, ਪਠਾਨਕੋਟ ਵਿਚ ਨਵੀਂ ਬਣਾਈ ਗਈ ਪਬਲਿਕ ਸ਼ਿਕਾਇਤ ਡਵੀਜ਼ਨ (ਪੀਜੀਡੀ) ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਉਨ੍ਹਾਂ ਨਾਲ ਮੌਜੂਦ ਸਨ। ਵਿੱਤ ਮੰਤਰੀ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ, ਉਪ-ਪ੍ਰਧਾਨ ਸਵਰਨ ਸਲਾਰੀਆ, ਹਲਕਾ ਇੰਚਾਰਜ ਅਮਿਤ ਮੰਟੂ ਤੇ ਵਿਭੂਤੀ ਸ਼ਰਮਾ, ਚੇਅਰਮੈਨ ਪੈਸਕੋ ਕੈਪਟਨ ਸੁਨੀਲ ਗੁਪਤਾ, ਚੇਅਰਮੈਨ ਵਿਕਾਸ ਸੈਣੀ, ਸਕੱਤਰ ਸੌਰਭ ਬਹਿਲ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਰੇਖਾ ਮਣੀ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ‘ਨਸ਼ਿਆਂ ਖਿਲਾਫ਼ ਜੰਗ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦਾ ਅਸਰ ਪੂਰੇ ਪੰਜਾਬ ਅੰਦਰ ਦਿਖਾਈ ਦੇ ਰਿਹਾ ਹੈ। ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਹਨ ਜਾਂ ਪ੍ਰਸ਼ਾਸਨ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦਾ ਪ੍ਰਬੰਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਨੂੰ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਨਾਲ ਲੱਗਦੇ ਹਿਮਾਚਲ ਦੇ ਖੇਤਰ ਅੰਦਰ ਨਸ਼ੇ ਦਾ ਜੋ ਕਾਰੋਬਾਰ ਹੋ ਰਿਹਾ ਹੈ, ਉਸ ਨੂੰ ਠੱਲ੍ਹ ਪਾਉਣ ਲਈ ਪਠਾਨਕੋਟ ਪੁਲੀਸ ਹਿਮਾਚਲ ਪੁਲੀਸ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਚਲਾਏਗੀ।