Punjab News: ਵਿਜੀਲੈਂਸ ਵੱਲੋਂ ਵਿਧਾਇਕ ਰਮਨ ਅਰੋੜਾ ਅਦਾਲਤ 'ਚ ਪੇਸ਼, ਮਿਲਿਆ 5-ਰੋਜ਼ਾ ਰਿਮਾਂਡ
Punjab News: MLA Raman Arora produced in the court by Vigilance team; remanded for 5 days
ਹਤਿੰਦਰ ਮਹਿਤਾ
ਜਲੰਧਰ, 24 ਮਈ
ਵਿਧਾਇਕ ਰਮਨ ਅਰੋੜਾ (MLA Raman Arora) ਨੂੰ ਵਿਜੀਲੈਂਸ ਟੀਮ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਜ਼ਿਲ੍ਹਾ ਸੈਸ਼ਨ ਕੋਰਟ ਵਿਚ ਲੈ ਕੇ ਪਹੁੰਚੀ ਤੇ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਤੋਂ ਵਿਜੀਲੈਂਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ। ਇਹ ਜਾਣਕਾਰੀ ਵਕੀਲ ਨਵੀਨ ਚੱਢਾ ਨੇ ਦਿੱਤੀ ਹੈ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਸ਼ੁੱਕਰਵਾਰ ਸਵੇਰੇ 8.30 ਵਜੇ ਉਨ੍ਹਾਂ ਦੇ ਅਸ਼ੋਕ ਨਗਰ ਸਥਿਤ ਘਰ ਤੋਂ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ ਰਮਨ ਅਰੋੜਾ ਨੇ ਪਹਿਲਾਂ ਹੀ ਗ੍ਰਿਫ਼ਤਾਰ ਜਲੰਧਰ ਨਗਰ ਨਿਗਮ ਦੇ ਏਟੀਪੀ (ਅਸਿਸਟੈਂਟ ਟਾਊਨ ਪਲਾਨਰ) ਸੁਖਦੇਵ ਵਸ਼ਿਸ਼ਠ ਨਾਲ ਮਿਲੀਭੁਗਤ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਨਿਰਮਾਣ ਨਾਲ ਸਬੰਧਤ ਝੂਠੇ ਨੋਟਿਸ ਭਿਜਵਾਏ ਅਤੇ ਫਿਰ ਕਾਰਵਾਈ ਰੁਕਵਾਉਣ ਤੇ ਮਾਮਲਾ ਰਫਾ-ਦਫਾ ਕਰਨ ਦੇ ਬਦਲੇ ਮੋਟੀਆਂ ਰਕਮਕਾਂ ਵਸੂਲੀਆਂ।
ਵਿਜੀਲੈਂਸ ਦੀ ਟੀਮ ਨੇ ਵਿਧਾਇਕ ਅਰੋੜਾ ਨੂੰ ਸਵੇਰੇ ਉਨ੍ਹਾਂ ਦੇ ਘਰ ਦੇ ਕੋਲੋਂ ਮੰਦਰ ਦੇ ਬਾਹਰ ਤੋਂ ਫੜਿਆ ਅਤੇ ਘਰ ਲੈ ਗਈ। ਘਰ ’ਤੇ ਉਸ ਸਮੇਂ ਵਿਧਾਇਕ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਮੌਜੂਦ ਸੀ। ਜਾਂਚ ਦੌਰਾਨ ਵਿਜੀਲੈਂਸ ਨੇ ਰਮਨ ਅਰੋੜਾ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਦੇ ਲੈਣ-ਦੇਣ ਦੀ ਪੜਤਾਲ ਕੀਤੀ। ਸਵੇਰੇ ਸਾਢੇ ਦਸ ਵਜੇ ਰਮਨ ਅਰੋੜਾ ਦੇ ਵਕੀਲ ਉਨ੍ਹਾਂ ਦੇ ਘਰ ਪੁੱਜੇ ਪਰ ਵਿਜੀਲੈਂਸ ਨੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।