Punjab News: ਖ਼ੂੰਖ਼ਾਰ ਕੁੱਤਿਆਂ ਨੇ 11 ਸਾਲਾ ਬੱਚਾ ਨੋਚ-ਨੋਚ ਕੇ ਮਾਰ ਮੁਕਾਇਆ, ਲੋਕਾਂ ਵੱਲੋਂ ਕੌਮੀ ਮਾਰਗ ਜਾਮ
Punjab News: Dogs maul an 11-year old child to death; people block the national highway
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹਰਸੁਖਪ੍ਰੀਤ ਸਿੰਘ; ਇਲਾਕੇ ਵਿਚ ਹਫ਼ਤੇ ’ਚ ਵਾਪਰੀ ਅਜਿਹੀ ਦੂਜੀ ਘਟਨਾ; ਪਹਿਲਾਂ ਇਕ ਪਰਵਾਸੀ ਪਰਿਵਾਰ ਦਾ ਬੱਚਾ ਹੋਇਆ ਸੀ ਕੁੱਤਿਆਂ ਦਾ ਸ਼ਿਕਾਰ
ਸੰਤੋਖ ਗਿੱਲ
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 11 ਜਨਵਰੀ
Punjab News - Dog Menace: ਲਾਗਲੇ ਪਿੰਡ ਹਸਨਪੁਰ ਵਿਚ ਵਾਪਰੀ ਇਕ ਦਰਦਨਾਕ ਘਟਨਾ ਵਿਚ ਪਿੰਡ ਦੇ ਖੇਤਾਂ ’ਚ ਰਹਿੰਦੇ ਪਰਿਵਾਰ ਦੇ 11 ਸਾਲਾਂ ਬੱਚੇ ਨੂੰ ਖ਼ੂੰਖ਼ਾਰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਮੁਕਾਇਆ। ਗੰਭੀਰ ਜ਼ਖ਼ਮੀ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੁੱਤਿਆਂ ਦਾ ਸ਼ਿਕਾਰ ਹੋਇਆ ਹਰਸੁਖਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ ਆਪਣੇ ਮਾਪਿਆਂ ਦਾ ਇਹ ਇਕਲੌਤਾ ਪੁੱਤਰ ਸੀ। ਉਹ ਪਿੰਡ ਹਸਨਪੁਰ ਦੇ ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਇਸ ਦਰਦਨਾਕ ਮੌਤ ਨਾਲ ਪਿੰਡ ਵਾਸੀਆਂ ਵਿੱਚ ਕਾਫ਼ੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ 'ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਹੈ। ਗ਼ੁੱਸੇ ਨਾਲ ਭਰੇ ਲੋਕ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਇਸੇ ਹਫ਼ਤੇ ਵਿੱਚ ਵਾਪਰੀ ਅਜਿਹੀ ਦੂਜੀ ਘਟਨਾ ਹੈ। ਕੁਝ ਦਿਨ ਪਹਿਲਾਂ ਇੱਕ ਪਰਵਾਸੀ ਮਜ਼ਦੂਰ ਪਰਿਵਾਰ ਦੇ ਬੱਚੇ ਨੂੰ ਵੀ ਕੁੱਤਿਆਂ ਨੇ ਇਸੇ ਤਰ੍ਹਾਂ ਨੋਚ-ਨੋਚ ਮਾਰ ਮੁਕਾਇਆ ਸੀ। ਲੋਕਾਂ ਦਾ ਦੋਸ਼ ਹੈ ਕਿ ਖ਼ੂੰਖ਼ਾਰ ਕੁੱਤਿਆਂ ਵੱਲੋਂ ਇਲਾਕੇ ਦੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

