DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਉਬਾਲਣ ਮਗਰੋਂ ਦੁੱਧ ਪਲਾਸਟਿਕ ਵਰਗਾ ਗਾੜ੍ਹਾ ਹੋਣ ’ਤੇ ਹੰਗਾਮਾ

ਜੋਗਿੰਦਰ ਸਿੰਘ ਓਬਰਾਏ ਖੰਨਾ, 23 ਮਈ ਸ਼ਹਿਰ ਵਿਚ ਨਕਲੀ ਦੁੱਧ ਮਿਲਣ ਦੀ ਸ਼ਿਕਾਇਤ ਉਪਰੰਤ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਅਤੇ ਵਿਭਾਗ ਵੱਲੋਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਦੁੱਧ ਦੀ ਜਾਂਚ ਸ਼ੁਰੂ ਕੀਤੀ ਗਈ। ਨਕਲੀ ਦੁੱਧ ਦਾ ਮਾਮਲਾ ਉਦੋਂ ਉਜਾਗਰ...
  • fb
  • twitter
  • whatsapp
  • whatsapp
featured-img featured-img
ਸਿਹਤ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਜੋਗਿੰਦਰ ਸਿੰਘ ਓਬਰਾਏ

ਖੰਨਾ, 23 ਮਈ

Advertisement

ਸ਼ਹਿਰ ਵਿਚ ਨਕਲੀ ਦੁੱਧ ਮਿਲਣ ਦੀ ਸ਼ਿਕਾਇਤ ਉਪਰੰਤ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਅਤੇ ਵਿਭਾਗ ਵੱਲੋਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਦੁੱਧ ਦੀ ਜਾਂਚ ਸ਼ੁਰੂ ਕੀਤੀ ਗਈ। ਨਕਲੀ ਦੁੱਧ ਦਾ ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਇਥੋਂ ਦੇ ਰਤਨਹੇੜੀ ਫਾਟਕਾਂ ਤੋਂ ਪਾਰ ਇਲਾਕੇ ਦੀ ਇਕ ਔਰਤ ਵੱਲੋਂ ਘਰਾਂ ਵਿਚ ਦੁੱਧ ਸਪਲਾਈ ਕਰਨ ਵਾਲੇ ਦੋਧੀ ਤੋਂ ਦੁੱਧ ਲੈ ਕੇ ਉਬਾਲਣਾ ਸ਼ੁਰੂ ਕੀਤਾ ਗਿਆ ਤਾਂ ਦੁੱਧ ਉਬਲਣ ਤੋਂ ਬਾਅਦ ਪਲਾਸਟਿਕ ਵਰਗੀ ਗਾੜ੍ਹੀ ਚੀਜ਼ ਵਿਚ ਬਦਲ ਗਿਆ।

ਇਸ ’ਤੇ ਔਰਤ ਨੇ ਮਿਲਾਵਟੀ ਦੁੱਧ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਿਸ ਉਪਰੰਤ ਇਕ ਸਮਾਜ ਸੇਵਕ ਔਰਤ ਦੇ ਘਰ ਪਹੁੰਚਿਆ ਅਤੇ ਸਿਹਤ ਵਿਭਾਗ ਨੂੰ ਇਸ ਦੀ ਸ਼ਿਕਾਇਤ ਕੀਤੀ। ਸਿਹਤ ਵਿਭਾਗ ਦੀ ਟੀਮ ਨੇ ਦੁੱਧ ਦੀ ਨਮੂਨੇ ਲੈ ਕੇ ਜਾਂਚ ਲਈ ਲੈਬ ਵਿਚ ਭੇਜ ਦਿੱਤੇ ਹਨ।

ਉਬਲਣ ਮਗਰੋਂ ਪਲਾਸਟਿਕ ਵਰਗਾ ਗਾੜ੍ਹਾ ਹੋਇਆ ਦੁੱਧ।
ਉਬਲਣ ਮਗਰੋਂ ਗਾੜ੍ਹਾ ਹੋਇਆ ਦੁੱਧ।

ਦੂਜੇ ਪਾਸੇ ਇਲਾਕੇ ਦੇ ਗੁੱਸੇ ਵਿਚ ਆਏ ਲੋਕਾਂ ਨੇ ਸਿਹਤ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਮਿਲਾਵਟਖੋਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਰਮੀ ਕਰਕੇ ਲੋਕ ਮਿਲਾਵਟੀ ਦੁੱਧ ਪੀਣ ਲਈ ਮਜਬੂਰ ਹਨ।

ਲੋਕਾਂ ਦੀਆਂ ਸ਼ਿਕਾਇਤਾਂ ਉਪਰੰਤ ਲੁਧਿਆਣਾ ਤੋਂ ਖੰਨਾ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਦੋਧੀ ਕੋਲ ਮੌਜੂਦ ਦੁੱਧ ਦੇ ਨਮੂਨੇ ਇੱਕਠੇ ਕੀਤੇ ਅਤੇ ਫਿਰ ਨੇੜਲੇ ਪਿੰਡ ਤੇ ਉਸ ਦੇ ਘਰ ਛਾਪਾ ਮਾਰਿਆ ਜਿੱਥੋਂ ਦੁੱਧ ਦੇ ਨਮੂਨੇ ਇੱਕਠੇ ਕੀਤੇ।

ਇਸੇ ਤਰ੍ਹਾਂ ਟੀਮ ਖਟੀਕਾਂ ਮੁਹੱਲਾ ਗਊਸ਼ਾਲਾ ਰੋਡ ’ਤੇ ਇਕ ਡੇਅਰੀ ਤੋਂ ਨਮੂਨੇ ਲੈਣ ਪੁੱਜੀ ਜਿੱਥੋਂ ਦੋਧੀ ਰੋਜ਼ਾਨਾ ਦੁੱਧ ਖ਼ਰੀਦਦਾ ਸੀ ਅਤੇ ਅੱਗੇ ਸਪਲਾਈ ਕਰਦਾ ਸੀ। ਡੇਅਰੀ ਸੰਚਾਲਕ ਨੇ ਕਿਹਾ ਕਿ ਉਹ ਡੇਢ ਸਾਲ ਤੋਂ ਦੋਧੀ ਨੂੰ ਦੁੱਧ ਸਪਲਾਈ ਕਰ ਰਿਹਾ ਹੈ ਅਤੇ ਉਸ ਦੇ ਦੁੱਧ ਵਿਚ ਕੋਈ ਮਿਲਾਵਟ ਨਹੀਂ ਹੈ। ਉਹ ਜਾਂਚ ਵਿਚ ਪੂਰੀ ਤਰ੍ਹਾਂ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਤਿਆਰ ਹੈ।

ਮਿਲਾਵਟੀ ਦੁੱਧ ਦਾ ਪਰਦਾਪਾਸ਼ ਕਰਨ ਵਾਲੀ ਔਰਤ ਅਰਸ਼ ਨੇ ਕਿਹਾ ਕਿ ਉਸ ਦਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ, ਇਸ ਦੌਰਾਨ ਉਸ ਨੇ ਗੁਆਂਢਣ ਨੇ ਦੁੱਧ ਲੈਣ ਲਈ ਆਖਿਆ। ਜਦੋਂ ਉਹ ਘਰ ਆਏ ਤਾਂ ਗੁਆਂਢਣ ਤੋਂ ਦੁੱਧ ਲੈ ਕੇ ਉਬਾਲਣ ਲਈ ਰੱਖਿਆ ਤਾਂ ਉਹ ਹੌਲੀ ਹੌਲੀ ਪਲਾਸਟਿਕ ਵਾਂਗ ਗਾੜ੍ਹਾ ਅਤੇ ਚਿਪਚਿਪਾ ਹੋ ਗਿਆ।

ਉਸ ਨੇ ਡਰ ਕੇ ਇਸ ਸਭ ਦੀ ਵੀਡੀਓ ਬਣਾਈ। ਉਸ ਨੇ ਚਿੰਤਾ ਪ੍ਰਗਟ ਕੀਤੀ ਕਿ ਪਤਾ ਨਹੀਂ ਉਸਦਾ ਪਰਿਵਾਰ ਕਿੰਨੇ ਲੰਬੇ ਸਮੇਂ ਤੋਂ ਮਿਲਾਵਟੀ ਦੁੱਧ ਪੀ ਰਿਹਾ ਹੈ। ਇਹ ਨਾ ਸਿਰਫ਼ ਇਕ ਧੋਖਾ ਹੈ ਸਗੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਹੈ।

ਕੀ ਕਹਿੰਦੇ ਨੇ ਅਧਿਕਾਰੀ

ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ (ਡੀਐਚਓ) ਡਾ. ਅਮਰਜੀਤ ਕੌਰ ਨੇ ਕਿਹਾ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਟੀਮ ਖੰਨਾ ਭੇਜੀ ਗਈ ਜਿਸ ਨੇ ਦੁੱਧ ਪਦਾਰਥਾਂ ਦੇ ਲਗਭਗ 8 ਨਮੂਨੇ ਇੱਕਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਦੁੱਧ ਵਿਚ ਮਿਲਾਵਟ ਦਾ ਮੁੱਦਾ ਬਹੁਤ ਗੰਭੀਰ ਹੈ। ਟੀਮ ਵੱਲੋਂ ਇਲਾਕੇ ਵਿਚ ਰੋਜ਼ਾਨਾ ਜਾਂਚ ਕੀਤੀ ਜਾਵੇਗੀ ਤੇ ਜੇ ਮਿਲਾਵਟਖੋਰੀ ਸਬੰਧੀ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਹੋਵੇਗੀ।

ਇਸੇ ਤਰ੍ਹਾਂ ਜਾਂਚ ਕਰਨ ਪੁੱਜੇ ਸਿਹਤ ਵਿਭਾਗ ਦੇ ਡਾ. ਜਤਿੰਦਰ ਵਿਰਕ ਨੇ ਕਿਹਾ ਕਿ ਦੁੱਧ ਦੇ ਨਮੂਨੇ ਜਾਂਚ ਲਈ ਲੈਬੋਰੇਟਰੀ ਭੇਜ ਦਿੱਤੇ ਗਏ ਹਨ। ਜੇ ਜਾਂਚ ਵਿਚ ਮਿਲਾਵਟ ਦੀ ਪੁਸ਼ਟੀ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
×