ਹਤਿੰਦਰ ਮਹਿਤਾ
ਜਲੰਧਰ, 20 ਫਰਵਰੀ
ਸਥਾਨਕ ਫੁਟਬਾਲ ਚੌਕ ਨੇੜੇ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪੰਕਜ(31), ਨਿਵਾਸੀ ਨਿਜ਼ਾਮਤ ਨਗਰ ਅਤੇ ਮੋਹਿਤ(30) ਨਿਵਾਸੀ ਬਸਤੀ ਨੰਬਰ 9 ਵਜੋਂ ਹੋਈ ਹੈ।
ਇਹ ਹਾਦਸਾ ਰਾਤ ਪੌਣੇ ਦੋ ਵਜੇ ਵਾਪਰਿਆ। ਐਕਟਿਵਾ ਸਵਾਰ ਨੌਜਵਾਨਾਂ ਨੂੰ ਇਕ ਕਾਲੇ ਰੰਗ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਤੇ ਪਿੱਛੋ ਆ ਰਹੀ ਸਬਜ਼ੀਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਦੋਵਾਂ ਦੇ ਉੱਪਰੋਂ ਲੰਘ ਗਈ। ਦੋਵਾਂ ਨੂੰ ਕਾਫ਼ੀ ਦੂਰ ਤੱਕ ਘਸੀਟਦੀ ਰਹੀ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਥਾਣਾ 4 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਦੋਸਤ ਦੇ ਜਨਮਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਸ਼ਰਨਜੀਤ ਹਸਪਤਾਲ ਨੇੜੇ ਇੱਕ ਕਾਲੇ ਰੰਗ ਦੀ ਕਾਰ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਅਤੇ ਫਿਰ ਪਿੱਛੇ ਤੋਂ ਆ ਰਹੀ ਇੱਕ ਪਿਕ-ਅੱਪ ਗੱਡੀ ਉਨ੍ਹਾਂ ਨੂੰ ਸੜਕ ’ਤੇ ਘਸੀਟਦੀ ਹੋਈ ਲੈ ਗਈ। ਪੰਕਜ ਦਾ ਵਿਆਹ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ, ਜਦੋਂ ਕਿ ਮੋਹਿਤ ਅਜੇ ਵੀ ਕੁਆਰਾ ਹੈ।