Punjab News: Lawrence Bishnoi ਦੇ ਕਰੀਬੀ ਸਚਿਨ ਚੜ੍ਹੇਵਾਨ ਦੇ ਦੋ ਸਾਥੀ ਤਿੰਨ ਵਿਦੇਸ਼ੀ ਪਿਸਤੌਲਾਂ ਸਣੇ ਕਾਬੂ
ਆਸਟਰੀਆ ਤੇ ਚੀਨ ਤੋਂ ਸਪਲਾਈ ਹੋਏ ਅਸਲੇ ਦੀ ਹੋਵੇਗੀ ਪੜਤਾਲ: ਐਸਐਸਪੀ; ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਦੇ ਮਨਸੂਬਿਆਂ ਦੀ ਵੀ ਕੀਤੀ ਜਾਵੇਗੀ ਤਫ਼ਤੀਸ਼
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਫਰਵਰੀ
Punjab News: ਮੁਕਤਸਰ ਪੁਲੀਸ ਨੇ ਲਾਰੈਂਸ ਬਿਸ਼ਨੋਈ (Lawrence Bishnoi) ਦੇ ਕਰੀਬੀ ਸਾਥੀ ਸਚਿਨ ਚੜ੍ਹੇਵਾਨ ਦੇ ਕੋ ਗੁਰਗਿਆਂ ਨੂੰ ਵਿਦੇਸ਼ੀ ਹਥਿਆਰਾਂ ਸਣੇ ਕਾਬੂ ਕਰਨ ਕੀਤਾ ਹੈ, ਜਿਸ ਨਾਲ ਕਿਸੇ ਵੱਡੀ ਵਾਰਦਾਤ ਦਾ ਖਤਰਾ ਟਲ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਐਸਪੀ(ਡੀ) ਮਨਮੀਤ ਸਿੰਘ ਢਿੱਲੋਂ, ਡੀਐਸਪੀ(ਡੀ) ਰਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਗੁਰਵਿੰਦਰ ਸਿੰਘ ਤੇ ਪੁਲੀਸ ਟੀਮ ਨੇ ਸਰਕਾਰੀ ਕਾਲਜ ਲਾਗੇ ਨਾਕਾਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਤਿੰਨ ਵਿਦੇਸ਼ੀ ਪਿਸਤੌਲ, 20 ਜ਼ਿੰਦਾ ਕਾਰਤੂਸ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ। ਪੁੱਛ ਗਿੱਛ ਕਰਨ ’ਤੇ ਸ਼ੱਕੀ ਵਿਅਕਤੀਆਂ ਵਿੱਚੋਂ ਇਕ ਵਿਅਕਤੀ ਦੀ ਪਛਾਣ ਰਵੀ ਕੁਮਾਰ ਵਾਸੀ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਦੀ ਅਵਤਾਰ ਸਿੰਘ ਉਰਫ ਲੱਬਾ ਬਾਬਾ ਵਾਸੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ, ਜੋ ਕਿ 21 ਤੇ 25 ਸਾਲ ਦੀ ਉਮਰ ਦੇ ਹਨ।
ਪੁਲੀਸ ਮੁਖੀ ਨੇ ਦੱਸਿਆ ਕਿ ਇੱਕ ਪਿਸਤੌਲ ਰਵੀ ਕੁਮਾਰ ਦੀ ਡੱਬ ਵਿੱਚ ਸੀ ਜਦੋਂ ਕਿ ਦੋ ਪਿਸਤੌਲ ਲੱਬਾ ਬਾਬਾ ਦੇ ਬੈਗ ਵਿੱਚੋਂ ਬਰਾਮਦ ਹੋਏ। ਇਹ ਸਾਰੇ ਪਿਸਤੌਲ ਲੋਡ ਸਨ। ਬਰਾਮਦ ਵਿਦੇਸ਼ ਪਿਸਤੌਲਾਂ ਵਿੱਚ ਇਕ ਗਲੌਕ 9 ਐਮਐਮ (ਆਸਟਰੀਆ ਦੀ ਬਣੀ) ਦਾ ਸੀ ਜਦੋਂ ਕਿ ਦੂਜੇ ਦੋਵੇਂ ਪਿਸਤੌਲ ਪੀਐਕਸ 5 ਸਟੋਰਮ ਅਤੇ ਦੂਜਾ ਪੀਐਕਸ 3 (ਚੀਨ ਦੇ ਬਣੇ) ਦੇ ਹਨ।
ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਸਾਹਮਣੇ ਆਇਆ ਕਿ ਉਕਤ ਦੋਵੇਂ ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਸਾਥੀ ਸਚਿਨ ਚੜ੍ਹੇਵਾਨ, ਜੋ ਮੁਕਤਸਰ ਲਾਗਲੇ ਪਿੰਡ ਚੜ੍ਹੇਵਾਨ ਦਾ ਰਹਿਣ ਵਾਲਾ ਹੈ, ਦੇ ਗੁਰਗੇ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਮੁਲਜ਼ਮਾਂ ਦਾ ਆਦਲਤ ਪਾਸੋਂ ਰਿਮਾਂਡ ਲੈ ਕੇ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਅਤੇ ਕੀਤੇ ਜਾਣ ਵਾਲੇ ਕਾਂਡ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।