Punjab News: ‘On Army Duty’ ਸਟਿੱਕਰ ਵਾਲੇ ਕੈਂਟਰ ’ਚੋਂ 27 ਕੁਇੰਟਲ ਪੋਸਤ ਸਣੇ ਦੋ ਕਾਬੂ
ਝਾਰਖੰਡ ਤੋਂ ਮੁਕਤਸਰ ਵਾਸਤੇ ਹੋਈ ਸੀ ਪੋਸਤ ਦੀ ਡਲਿਵਰੀ; ਪੁਲੀਸ ਨੇ ਚੌਕਸੀ ਨਾਲ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਕੀਤਾ ਕਾਬੂ; ਮੁੱਖ ਸਰਗਨੇ ਨੂੰ ਕਾਬੂ ਕਰਨ ਅਤੇ ਜਾਇਦਾਦ ਜ਼ਬਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਫਰਵਰੀ
Punjab News: ਮੁਕਤਸਰ-ਮਲੋਟ ਮੁੱਖ ਮਾਰਗ ’ਤੇ ਸਥਿਤ ਪਿੰਡ ਔਲਖ ਵਿਖੇ ‘ਆਨ ਆਰਮੀ ਡਿਊਟੀ’ (‘On Army Duty’) ਵਾਲਾ ਸਟਿੱਕਰ ਲੱਗੇ ਇਕ ਕੈਂਟਰ ਵਿੱਚੋਂ ਪੁਲੀਸ ਨੇ 27 ਕੁਇੰਟਲ ਡੋਡੇ ਚੂਰਾ ਪੋਸਤ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਚੂਰਾ ਪੋਸਤ ਝਾਰਖੰਡ ਤੋਂ ਆਇਆ ਸੀ ਅਤੇ ਇਸ ਦੀ ਡਲਿਵਰੀ ਮੁਕਤਸਰ ਵਿਖੇ ਹੋਣੀ ਸੀ। ਇਸ ਤੋਂ ਪਹਿਲਾਂ ਹੀ ਪੁਲੀਸ ਨੂੰ ਇਸ ਦੀ ਸੂਹ ਲੱਗ ਗਈ ਤੇ ਪੁਲੀਸ ਵੱਲੋਂ ਦੋ ਦਿਨਾਂ ਤੋਂ ਵਿਛਾਏ ਜਾਲ ਵਿੱਚ ਇਹ ਕੈਂਟਰ ਫਸ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਖ਼ਤਾ ਜਾਣਕਾਰੀ ਮਿਲਣ ਉਪਰੰਤ ਪੁਲੀਸ ਵੱਲੋਂ ਚੌਕਸੀ ਨਾਲ ਕੀਤੀ ਕਾਰਵਾਈ ਸਦਕਾ ਨਸ਼ੇ ਦੀ ਇਹ ਵੱਡੀ ਖੇਪ ਕਾਬੂ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਟਰ (ਪੀਬੀ 03 ਬੀਏ 6751) ਝਾਰਖੰਡ ਤੋਂ ਚੂਰਾ ਪੋਸਤ ਲੈ ਕੇ ਚੱਲਿਆ ਸੀ।
ਇਸ ਉਪਰ ‘ਆਨ ਆਰਮੀ ਡਿਊਟੀ’ ਲਿਖਿਆ ਹੋਣ ਕਰਕੇ ਇਹ ਨਾਕਿਆਂ ਤੋਂ ਸੌਖਾ ਹੀ ਨਿਕਲਦਾ ਆਇਆ। ਜਦੋਂ ਪਿੰਡ ਔਲਖ ਦੀ ਦਾਣਾ ਮੰਡੀ ’ਚ ਇਸ ਕੈਂਟਰ ਦੀ ਪੁਲੀਸ ਨੇ ਤਲਾਸ਼ੀ ਲੈਣੀ ਚਾਹੀ ਤਾਂ ਵੀ ਡਰਾਇਵਰ ਮਨਿੰਦਰ ਸਿੰਘ ਪਿੰਡ ਦਾਨੇਵਾਲਾ ਤੇ ਕਲੀਨਰ ਅਕਾਸ਼ਦੀਪ ਸਿੰਘ ਵਾਸੀ ਗਿਦੜਬਾਹਾ ਨੇ ਕਿਹਾ ਕਿ ਇਸ ਵਿੱਚ ਮਿਲਟਰੀ ਦਾ ਰਾਸ਼ਨ ਲੱਦਿਆ ਹੈ। ਪਰ ਜਦੋਂ ਪੁਲੀਸ ਨੇ ਤਲਾਸ਼ੀ ਲਈ ਤਾਂ 90 ਗੱਟਿਆਂ ਵਿੱਚ ਰਾਸ਼ਨ ਦੀ ਜਗ੍ਹਾ ਪੋਸਤ ਮਿਲਿਆ।
ਇਸ ’ਤੇ ਪੁਲੀਸ ਨੇ ਥਾਣਾ ਸਦਰ ਮਲੋਟ ਵਿਖੇ ਮਨਿੰਦਰ ਸਿੰਘ ਤੇ ਅਕਾਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਵੱਲੋਂ ਅਦਾਲਤ ਪਾਸੋਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੜਤਾਲ ਕੀਤੀ ਜਾਵੇਗੀ ਤਾਂ ਕਿ ਅਸਲ ਨਸ਼ਾ ਤਸਕਰ ਤੇ ਉਸ ਦੇ ਸਾਥੀਆਂ ਨੂੰ ਫੜਿਆ ਜਾ ਸਕੇ। ਨਾਲ ਹੀ ਇਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਮਨਮੀਤ ਸਿੰਘ ਐਸਪੀ(ਡੀ), ਰਮਨਪ੍ਰੀਤ ਸਿੰਘ ਗਿੱਲ ਡੀਐਸਪੀ(ਡੀ), ਇੰਸਪੈਕਟਰ ਗੁਰਵਿੰਦਰ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ।