Punjab News - Road Accident: ਨਾਨਕਸਰ ਠਾਠ ਮੁਖੀ ਦੀ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਸਕੂਟਰ ਨੂੰ ਟੱਕਰ, ਮਹਿਲਾ ਦੀ ਮੌਤ
ਔਰਤ ਦਾ ਪਤੀ ਗੰਭੀਰ ਹਾਲਤ ’ਚ ਜ਼ਖ਼ਮੀ ਹੋਣ ਕਾਰਨ ਡਾਕਟਰਾਂ ਨੇ ਲੁਧਿਆਣਾ ਹਸਪਤਾਲ ਕੀਤਾ ਰੈਫ਼ਰ; ਪੁਲੀਸ ਵੱਲੋਂ ਨਾਨਕਸਰ ਠਾਠ ਦੀ ਗੱਡੀ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਜਾਰੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਫਰਵਰੀ
Punjab News - Road Accident: ਇਥੇ ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਤੇ ਅੱਜ ਦੁਪਹਿਰ ਬਾਅਦ ਥਾਣਾ ਸਦਰ ਨੇੜੇ ਸਕੂਟਰ ਅਤੇ ਨਾਨਕਸਰ ਠਾਠ ਮੁਖੀ ਦੀ ਤੇਜ਼ ਰਫ਼ਤਾਰ ਗੱਡੀ ਦੀ ਭਿਆਨਕ ਟੱਕਰ ਵਿਚ ਸਕੂਟਰ ਸਵਾਰ ਮਹਿਲਾ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਪਤੀ ਨੂੰ ਗੰਭੀਰ ਹਾਲਤ ਕਾਰਨ ਡਾਕਟਰਾਂ ਨੇ ਲੁਧਿਆਣਾ ਡੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਹੈ।
ਥਾਣਾ ਸਦਰ ਮੁਖੀ ਗੁਰਸੇਵਕ ਸਿੰਘ ਨੇ ਨਾਨਕਸਰ ਠਾਠ ਮੁਖੀ ਬਾਬਾ ਲੱਖਾ ਸਿੰਘ ਦੀ ਗੱਡੀ ਨਾਲ ਇਹ ਹਾਦਸਾ ਵਾਪਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੱਡੀ ਨੂੰ ਉਨ੍ਹਾਂ ਦਾ ਡਰਾਇਵਰ ਚਲਾ ਰਿਹਾ ਸੀ। ਪੁਲੀਸ ਨੇ ਗੱਡੀ ਕਬਜ਼ੇ ਵਿਚ ਲੈ ਲਈ ਹੈ।
ਜਾਣਕਾਰੀ ਮੁਤਾਬਕ ਬਲਕਾਰ ਸਿੰਘ (39) ਪਿੰਡ ਨਿਧਾਂਵਾਲਾ ਆਪਣੀ ਪਤਨੀ ਲਵਜੀਤ ਕੌਰ ਨਾਲ ਮੋਗਾ ਸ਼ਹਿਰ ਤੋਂ ਖ਼ਰੀਦਦਾਰੀ ਕਰ ਕੇ ਵਾਪਸ ਪਿੰਡ ਜਾ ਰਿਹਾ ਸੀ। ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਤੇ ਥਾਣਾ ਸਦਰ ਨੇੜੇ ਉਨ੍ਹਾਂ ਦੇ ਸਕੂਟਰ ਨੂੰ ਨਾਨਕਸਰ ਠਾਠ ਦੀ ਤੇਜ਼ ਰਫ਼ਤਾਰ ਗੱਡੀ ਨੇ ਭਿਆਨਕ ਟੱਕਰ ਮਾਰੀ ਤਾਂ ਸਕੂਟਰ ਸਵਾਰ ਜੋੜਾ ਸੜਕ ਉੱਤੇ ਡਿੱਗ ਪਿਆ ਅਤੇ ਉਨ੍ਹਾਂ ਦੇ ਸਿਰ ਉੱਤੇ ਸੱਟਾਂ ਲੱਗੀਆਂ।
ਹਾਦਸੇ ਵਿਚ ਲਵਜੀਤ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬਲਕਾਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਇਸ ਮੌਕੇ ਭੀੜ ਇਕੱਠੀ ਹੋ ਗਈ ਅਤੇ ਪੁਲੀਸ ਵੀ ਮੌਕੇ ਉੱਤੇ ਪੁੱਜ ਗਈ।
ਸਦਰ ਪੁਲੀਸ ਨੇ ਨਾਨਕਸਰ ਠਾਠ ਦੀ ਗੱਡੀ ਕਬਜ਼ੇ ਵਿਚ ਲੈ ਲਈ ਹੈ। ਪੁਲੀਸ ਮੁਤਾਬਕ ਬਾਬਾ ਲੱਖਾ ਸਿੰਘ ਗੱਡੀ ਵਿਚ ਸਵਾਰ ਸਨ ਅਤੇ ਗੱਡੀ ਨੂੰ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।