Punjab News - Road Accident: ਸੜਕ ਹਾਦਸੇ 'ਚ ਸਹੁਰਾ ਤੇ ਜਵਾਈ ਹਲਾਕ
ਪੁਲੀਸ ਵੱਲੋਂ i10 ਕਾਰ ਦੇ ਚਾਲਕ ਖਿਲਾਫ ਕੇਸ ਦਰਜ; ਕੰਮ ਤੋਂ ਬਾਅਦ ਮੋਟਰਸਾਈਕਲ ਉਤੇ ਘਰ ਪਰਤ ਰਹੇ ਸਨ ਸੁਖਦੇਵ ਖਾਨ ਤੇ ਇਮਰਾਨ ਖਾਨ
ਕਰਨ ਭੀਖੀ
ਭੀਖੀ, 13 ਫਰਵਰੀ
Punjab News - Road Accident: ਸਥਾਨਕ ਬੁਢਲਾਡਾ ਰੋਡ 'ਤੇ ਇੱਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋਣ ਨਾਲ ਮੋਟਰਸਾਈਕਲ ਉਤੇ ਸਵਾਰ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਇਮਰਾਨ ਖਾਨ ਤੇ ਉਸ ਦੇ ਸਹੁਰਾ ਸੁਖਦੇਵ ਖਾਨ ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਇਮਰਾਨ ਖਾਨ ਅਤੇ ਉਸ ਦਾ ਸਹੁਰਾ ਸੁਖਦੇਵ ਖਾਨ ਆਪਣੇ ਮੋਟਰਸਾਈਕਲ ਰਾਹੀਂ ਕੰਮ ਤੋਂ ਘਰ ਪਰਤ ਰਹੇ ਸਨ। ਇਸ ਦੌਰਾਨ ਬੁਢਲਾਡਾ ਰੋਡ 'ਤੇ ਭੀਖੀ ਵਾਲੇ ਪਾਸਿਉਂ ਆ ਰਹੀ ਆਈ10 ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ।
ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਸੁਖਦੇਵ ਖਾਨ (50) ਅਤੇ ਉਸ ਦੇ ਜਵਾਈ ਇਮਰਾਨ ਖਾਨ (30) ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਦੇਵ ਖਾਨ ਦੇ ਭਰਾ ਮਹਿੰਦਰ ਖਾਨ ਦੇ ਬਿਆਨਾਂ 'ਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ।