Punjab News - Road Accident: ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗੀ, 8 ਮੌਤਾਂ
ਮਨੋਜ ਸ਼ਰਮਾ
ਬਠਿੰਡਾ, 27 ਦਸੰਬਰ
ਗ਼ੌਰਤਬਲ ਹੈ ਉਕਤ ਨਿੱਜੀ ਕੰਪਨੀ ਦੀ ਬੱਸ (ਪੀਬੀ 11ਡੀਬੀ 6631) ਸਰਦੂਲਗੜ੍ਹ ਤੋਂ ਤਲਵੰਡੀ ਰਾਹੀਂ ਬਠਿੰਡਾ ਵੱਲ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਤੋਂ 50 ਸਵਾਰੀਆਂ ਸਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਲਈ ਰਾਹਤ ਅਪਰੇਸ਼ਨ ਚਲਾਇਆ। ਡਰੇਨ ਵਿੱਚ ਜੰਗਲੀ ਬੂਟੀ ਹੋਣ ਕਾਰਨ ਬੱਸ ਨੂੰ ਕੱਢਣ ਵਿੱਚ ਮੁਸ਼ਕਲਾਂ ਆਈਆਂ, ਜਿਸ ਲਈ ਕਰੇਨਾਂ ਦੀ ਮਦਦ ਲਈ ਗਈ।
ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਫ਼ੌਰੀ ਬਠਿੰਡਾ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ, ਜਿਸ ਲਈ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਮਦਦ ਕੀਤੀ ਗਈ। ਇਸ ਦੌਰਾਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਪਰੇ, ਐਸਐਸਪੀ ਮੈਡਮ ਅਵਨੀਤ ਕੋਂਡਲ ਅਤੇ ਤਲਵੰਡੀ ਸਾਬੋ ਦੇ ਐਸਡੀਐਮ ਸਮੇਤ ਹੋਰ ਅਧਿਕਾਰੀ ਘਟਨਾ ਸਥਾਨ 'ਤੇ ਪੁੱਜ ਗਏ।
ਬਾਅਦ ਵਿਚ ਐਸਐਸਪੀ ਮੈਡਮ ਕੋਂਡਲ ਨੇ ਅੱਠ ਸਵਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਜਦੋਂ ਕਿ ਹੋਰ ਕਈ ਜ਼ਖ਼ਮੀ ਹਸਪਤਾਲਾਂ ਵਿਚ ਜ਼ੇਰੇ-ਇਲਾਜ ਹਨ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਦਾ ਪਤਾ ਨਹੀਂ ਲੱਗ ਸਕਿਆ ਸੀ ਅਤੇ ਇਸ ਸਬੰਧੀ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।