Video - Punjab News ਪੰਜਾਬ ਸਰਕਾਰ ਵੱਲੋਂ 14 ਮਾਲ ਅਫ਼ਸਰ ਮੁਅੱਤਲ
ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਪੀਸੀਐੱਸ ਅਫ਼ਸਰਾਂ ਅਤੇ ਕਾਨੂੰਗੋ/ ਸੀਨੀਅਰ ਸਹਾਇਕਾਂ ਹਵਾਲੇ ਕਰਨ ਦਾ ਫੈਸਲਾ; ਮੁੱਖ ਮੰਤਰੀ ਵੱਲੋਂ ਖਰੜ ਤਹਿਸੀਲ ਦਾ ਅਚਨਚੇਤ ਦੌਰਾ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਮਾਰਚ
ਪੰਜਾਬ ਸਰਕਾਰ ਨੇ ਦੇਰ ਸ਼ਾਮ ਸਖ਼ਤ ਕਦਮ ਲੈਂਦਿਆਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ 14 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ (ਮਾਲ) ਵੱਲੋਂ ਜਾਰੀ ਹੁਕਮਾਂ ਅਨੁਸਾਰ ਛੇ ਤਹਿਸੀਲਦਾਰ ਅਤੇ ਅੱਠ ਨਾਇਬ ਤਹਿਸੀਲਦਾਰ ਮੁਅੱਤਲ ਕੀਤੇ ਗਏ ਹਨ।
ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਦੇ ਤਹਿਸੀਲਦਾਰ ਗੁਰਮੁਖ ਸਿੰਘ ਤੇ ਨਾਇਬ ਤਹਿਸੀਲਦਾਰ ਭੀਮ ਸੈਨ, ਸਮਾਲਸਰ ਦੇ ਅਮਰਪ੍ਰੀਤ ਸਿੰਘ, ਧਰਮਕੋਟ ਦੇ ਰਮੇਸ਼ ਢੀਂਗਰਾ, ਬੱਧਨੀ ਕਲਾਂ ਦੇ ਹਮੀਸ਼ ਕੁਮਾਰ ਅਤੇ ਨਿਹਾਲ ਸਿੰਘ ਵਾਲਾ ਦੇ ਸੁਖਵਿੰਦਰ ਸਿੰਘ (ਸਾਰੇ ਨਾਇਬ ਤਹਿਸੀਲਦਾਰ), ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੇ ਤਹਿਸੀਲਦਾਰ ਰਜਿੰਦਰ ਸਿੰਘ ਤੇ ਫ਼ਿਰੋਜ਼ਪੁਰ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਇਸੇ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਰੀਵਾਲਾ ਦੇ ਤਹਿਸੀਲਦਾਰ ਪਰਮਿੰਦਰ ਸਿੰਘ, ਮਲੋਟ ਦੇ ਤਹਿਸੀਲਦਾਰ ਜਤਿੰਦਰ ਪਾਲ ਸਿੰਘ, ਗਿੱਦੜਬਾਹਾ ਦੇ ਤਹਿਸੀਲਦਾਰ ਕੰਵਲਦੀਪ ਸਿੰਘ ਤੋਂ ਇਲਾਵਾ ਮੁਕਤਸਰ ਦੇ ਰਣਜੀਤ ਸਿੰਘ ਖੈਰਾ, ਗਿੱਦੜਬਾਹਾ ਦੇ ਅੰਮ੍ਰਿਤਾ ਅਗਰਵਾਲ ਅਤੇ ਦੋਦਾ ਦੇ ਬਲਵਿੰਦਰ ਸਿੰਘ (ਸਾਰੇ ਨਾਇਬ ਤਹਿਸੀਲਦਾਰ) ਨੂੰ ਵੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਅੱਜ ਦਿਨੇਂ ਪੰਜਾਬ ਸਰਕਾਰ ਨੇ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਪੀਸੀਐੱਸ ਅਫ਼ਸਰਾਂ ਅਤੇ ਕਾਨੂੰਗੋ/ ਸੀਨੀਅਰ ਸਹਾਇਕਾਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਸੀ। ਵਿੱਤ ਕਮਿਸ਼ਨਰ ਮਾਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਜਿੱਥੇ ਕਿਤੇ ਮਾਲ ਅਫ਼ਸਰ ਕੰਮ ਨਹੀਂ ਕਰ ਰਹੇ ਉੱਥੇ ਰਜਿਸਟਰੀਆਂ ਦਾ ਕੰਮ ਉਪਰੋਕਤ ਅਫ਼ਸਰਾਂ ਨੂੰ ਸੌਂਪ ਦਿੱਤਾ ਜਾਵੇ।
ਚੇਤੇ ਰਹੇ ਕਿ ਮਾਲ ਮਹਿਕਮੇ ਦੇ ਅਧਿਕਾਰੀ ਵਿਜੀਲੈਂਸ ਦੀ ਕਾਰਵਾਈ ਖ਼ਿਲਾਫ਼ ਹੜਤਾਲ ’ਤੇ ਹਨ। ਇਸ ਦੌਰਾਨ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਨੂੰ ਅੱਜ ਸ਼ਾਮੀਂ 5 ਵਜੇ ਤੱਕ ਡਿਊਟੀ ’ਤੇ ਹਾਜ਼ਰ ਹੋਣ ਦਾ ਅਲਟੀਮੇਟਮ ਦਿੱਤਾ ਸੀ। ਸਰਕਾਰ ਨੇ ਕਿਹਾ ਸੀ ਕਿ ਜੇ ਤਹਿਸੀਲਦਾਰ ਡਿਊਟੀ ’ਤੇ ਨਾ ਆਏ ਤਾਂ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ ਅਤੇ ਜਿਹੜੇ ਅਧਿਕਾਰੀ ਪ੍ਰੋਬੇਸ਼ਨ ਤੇ ਹਨ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਅੱਜ ਦਿਨੇਂ ਮੁੱਖ ਮੰਤਰੀ ਨੇ ਅੱਜ ਅਚਨਚੇਤ ਖਰੜ ਤਹਿਸੀਲ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ। ਪੰਜਾਬ ਸਰਕਾਰ ਨੇ ਰਜਿਸਟਰੀਆਂ ਦਾ ਕੰਮ ਉਪਰੋਕਤ ਅਧਿਕਾਰੀਆਂ ਨੂੰ ਦੇਣ ਦਾ ਫੈਸਲਾ ਕਰਕੇ ਹੜਤਾਲ ’ਤੇ ਗਏ ਅਫਸਰਾਂ ਨੂੰ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਮਾਲ ਆਫੀਸਰਜ਼ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ ਐਕਸ ’ਤੇ ਇਕ ਪੋਸਟ ਵਿਚ ਮਾਲ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਸਖ਼ਤ ਐਕਸ਼ਨ ਲੈਣ ਦਾ ਸੁਨੇਹਾ ਦਿੱਤਾ ਸੀ। ਮੁੱਖ ਮੰਤਰੀ ਨੇ ਇਸ਼ਾਰਾ ਕੀਤਾ ਸੀ ਕਿ ਉਹ ਝੁਕਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਉਹ ਤਹਿਸੀਲਾਂ ’ਚ ਬਦਲਵੇ ਪ੍ਰਬੰਧ ਕਰ ਰਹੇ ਹਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਦਾ ਐਕਸ਼ਨ ਜਾਰੀ ਰਹੇਗਾ।
ਤਹਿਸੀਲਦਾਰਾਂ ਦੀ ਆਪਣੇ ਭਿੑਸ਼ਟਾਚਾਰੀ ਸਾਥੀਆਂ ਦੇ ਹੱਕ ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ..ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕਣ..ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ..ਪਰ…
— Bhagwant Mann (@BhagwantMann) March 4, 2025
ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ’ਚ ਹੜਤਾਲ ਕਰ ਰਹੇ ਹਨ, ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖ਼ਤ ਖ਼ਿਲਾਫ਼ ਹੈ...ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਕੰਮ ਨਾ ਰੁਕਣ...ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ...ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਵਾਉਣਾ ਹੈ, ਇਹ ਲੋਕ ਫੈਸਲਾ ਕਰਨਗੇੇ।’’