Punjab News: ਗੈਂਗਸਟਰਾਂ ਦੀਆਂ ਗੋਲੀਆਂ ਨਾਲ ਨਾਮੀ ਡਾਕਟਰ ਗੰਭੀਰ ਜ਼ਖ਼ਮੀ
ਡਾਕਟਰ ਦੇ ਢਿੱਡ ’ਚ ਲੱਗੀਆਂ ਦੋ ਗੋਲੀਆਂ; ਡਾਕਟਰ ਅਨਿਲਜੀਤ ਕੰਬੋਜ ਨੂੰ ਗੈਂਗਸਟਰਾਂ ਤੋਂ ਫ਼ਿਰੌਤੀ ਲਈ ਧਮਕੀਆਂ ਮਿਲਣ ਕਾਰਨ ਪੁਲੀਸ ਨੇ ਦਿੱਤੀ ਹੋਈ ਸੀ ਸੁਰੱਖਿਆ
ਹਰਦੀਪ ਸਿੰਘ
ਧਰਮਕੋਟ/ਕੋਟ ਈਸੇ ਖਾਂ, 4 ਜੁਲਾਈ
ਕੋਟ ਈਸੇ ਖਾਂ ਦੇ ਨਾਮੀ ਡਾਕਟਰ ਅਤੇ ਹਰਬੰਸ ਨਰਸਿੰਗ ਹੋਮ ਦੇ ਮਾਲਕ ਅਨਿਲਜੀਤ ਕੰਬੋਜ ਨੰਨ੍ਹੀ ਉੱਪਰ ਅੱਜ ਦੁਪਹਿਰ ਵੇਲੇ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਮਲੇ ਸਮੇਂ ਉਹ ਕੋਟ ਈਸੇ ਖਾਂ ਦੇ ਮੁੱਖ ਚੌਕ ਵਿੱਚ ਸਥਿਤ ਆਪਣੇ ਕਲੀਨਿਕ ਵਿੱਚ ਬੈਠੇ ਹੋਏ ਸਨ।
ਮਿਲੀ ਜਾਣਕਾਰੀ ਮੁਤਾਬਕ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਉਨ੍ਹਾਂ ਉਪਰ ਕਾਤਲਾਨਾ ਹਮਲਾ ਕੀਤਾ ਗਿਆ। ਹਮਲਾਵਰਾਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ, ਲੇਕਿਨ ਦੋ ਹਮਲਾਵਰਾਂ ਨੂੰ ਕਲੀਨਿਕ ਦੇ ਪਾਸ ਵਾਲੀ ਭੀੜੀ ਗਲੀ ਵਿੱਚ ਭੱਜੇ ਜਾਂਦੇ ਦੇਖਿਆ ਗਿਆ।
ਜਾਣਕਾਰੀ ਮੁਤਾਬਕ ਡਾਕਟਰ ਨੰਨ੍ਹੀ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵਲੋਂ ਫਿਰੌਤੀ ਲਈ ਧਮਕੀਆਂ ਵੀ ਮਿਲ ਰਹੀਆਂ ਸਨ ਅਤੇ ਪੁਲੀਸ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਸੂਚਨਾ ਮੁਤਾਬਕ ਉਨ੍ਹਾਂ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ ਹਨ। ਜ਼ਖ਼ਮੀ ਹਾਲਤ ਵਿੱਚ ਪਹਿਲਾਂ ਉਨ੍ਹਾਂ ਨੂੰ ਧਰਮਕੋਟ ਰੋਡ ਉੱਤੇ ਸਥਿਤ ਉਨ੍ਹਾਂ ਦੇ ਆਪਣੇ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਐਂਬੂਲੈਂਸ ਰਾਹੀਂ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਦੱਸਣਯੋਗ ਹੈ ਕਿ ਡਾਕਟਰ ਕੰਬੋਜ ਨੂੰ ਕੁਝ ਮਹੀਨੇ ਪਹਿਲਾਂ ਕਥਿਤ ਤੌਰ ’ਤੇ ਮੈਡੀਕਲ ਕਿੱਤੇ ਨਾਲ ਸਬੰਧਤ ਜਾਅਲਸਾਜ਼ੀ ਦੇ ਇੱਕ ਮਾਮਲੇ ’ਚ ਮੋਗਾ ਪੁਲੀਸ ਵਲੋਂ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਕਥਿਤ ਸਿਆਸੀ ਦਬਾਅ ਕਾਰਨ ਇਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਅੱਜ ਦੀ ਇਸ ਘਟਨਾ ਨੂੰ ਲੈ ਕੇ ਅਜੇ ਪੁਲੀਸ ਦੇ ਕਿਸੇ ਵੀ ਅਧਿਕਾਰੀ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ ਹੈ। ਜਾਣਕਾਰੀ ਲਈ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਅਧਿਕਾਰੀਆਂ ਵਲੋਂ ਫੋਨ ਨਹੀਂ ਉਠਾਇਆ।