Punjab News - Rape Case: ਨਾਬਾਲਗ਼ ਨਾਲ ਜਬਰ ਜਨਾਹ ਦੇ ਮੁਲਜ਼ਮ ਸਰਪੰਚ ਨੂੰ ਗ੍ਰਿਫਤਾਰ ਨਾ ਕਰਨ ਖ਼ਿਲਾਫ਼ ਲੋਕਾਂ ਆਵਾਜਾਈ ਠੱਪ
ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਤੇ ਪੁਲੀਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ; ਐਸਡੀਐਮ ਤੇ ਐਸਪੀ ਵੱਲੋਂ ਦੋ ਦਿਨਾਂ ’ਚ ਮੁਲਜ਼ਮ ਨੂੰ ਫੜਨ ਦਾ ਭਰੋਸਾ ਦਿੱਤੇ ਜਾਣ ਪਿੱਛੋਂ ਖੋਲ੍ਹੀ ਆਵਾਜਾਈ, ਪਰ ਧਰਨਾ ਜਾਰੀ ਰੱਖਣ ਦਾ ਕੀਤਾ ਐਲਾਨ
ਸੰਜੀਵ ਬੱਬੀ
ਚਮਕੌਰ ਸਾਹਿਬ, 28 ਫਰਵਰੀ
ਚਮਕੌਰ ਸਾਹਿਬ ਨੇੜਲੇ ਇਕ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੀ ਹੀ ਇੱਕ ਸਕੂਲ ਪੜ੍ਹਦੀ ਨਾਬਾਲਲ਼ ਲੜਕੀ ਨਾਲ ਕਥਿਤ ਜਬਰ ਜਨਾਹ ਕੀਤੇ ਜਾਣ ਤੇ ਇਸ ਸਬੰਧੀ ਸਰਪੰਚ ਵਿਰੁੱਧ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਸਰਪੰਚ ਨੂੰ ਦੋ ਹਫਤੇ ਬੀਤ ਜਾਣ ਉਪਰੰਤ ਵੀ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਪੀੜਤਾ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੀਆਂ ਸਿਆਸੀ ਸਮਾਜਿਕ, ਧਾਰਮਿਕ, ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕਾਂ ਵੱਲੋਂ ਇੱਥੇ ਸਰਹਿੰਦ ਨਹਿਰ ਦੇ ਪੁਲ ਨੇੜੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ।
ਇਸ ਮੁਜ਼ਾਹਰਾ ਲਗਭਗ ਪੰਜ ਘੰਟੇ ਚੱਲਿਆ ਜਿਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁਲਜ਼ਮ ਸਰਪੰਚ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਸਮੁੱਚੀ ਆਵਾਜਾਈ ਠੱਪ ਕੀਤੀ ਗਈ। ਬਾਅਦ ਦੁਪਹਿਰ ਸਥਾਨਕ ਐਸਡੀਐਮ ਅਮਰੀਕ ਸਿੰਘ ਸਿੱਧੂ ਅਤੇ ਐਸਪੀ ਰਾਜਪਾਲ ਸਿੰਘ ਹੁੰਦਲ ਵੱਲੋਂ ਦੋ ਦਿਨਾਂ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਭਰੋਸੇ ਦੇਣ ਉਪਰੰਤ ਭਾਵੇਂ ਆਵਾਜਾਈ ਤਾਂ ਖੋਲ੍ਹ ਦਿੱਤੀ ਗਈ, ਪਰ ਪੁਲ ਨੇੜੇ ਹੀ ਇੱਕ ਪਾਸੇ ਧਰਨਾ ਜਾਰੀ ਰੱਖਣ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਅੰਦਰ ਮੁਲਜ਼ਮ ਸਰਪੰਚ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਇਨਸਾਫ ਦੀ ਪ੍ਰਾਪਤੀ ਲਈ ਸੋਮਵਾਰ ਨੂੰ ਸਵੇਰੇ 10 ਵਜੇ ਇਕੱਠੇ ਹੋ ਕੇ ਰੂਪਨਗਰ ਵਿਖੇ ਹਾਈਵੇਅ ਨੂੰ ਜਾਮ ਕਰ ਦਿੱਤਾ ਜਾਵੇਗਾ।
ਇਸ ਧਰਨੇ ਵਿਚ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਬਾਬਾ ਸੁਖਬੀਰ ਸਿੰਘ ਕੰਧੋਲਾ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਬਾਗੀ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਨਵੀ (ਪੁੱਤਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ), ਭਾਜਪਾ ਆਗੂ ਰਾਕੇਸ਼ ਕੁਮਾਰ ਸਹਿਦੇਵ, ਗੁਰਪ੍ਰੀਤ ਸਿੰਘ ਭੂਰੜੇ, ਤਾਰਾ ਚੰਦ ਜੰਡ ਸਾਹਿਬ, ਬਸਪਾ ਆਗੂ ਜਰਨੈਲ ਸਿੰਘ ਅਤੇ ਤਰਕਸ਼ੀਲ ਆਗੂ ਅਸ਼ੋਕ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਰੋਸ ਜਤਾਇਆ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਕਰੀਬ 15 ਦਿਨਾਂ ਬਾਅਦ ਵੀ ਮੁਲਜ਼ਮ ਸਰਪੰਚ ਪਕੜ ਤੋਂ ਬਾਹਰ ਹੈ। ਉਨ੍ਹਾਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਨਾਉਣੀ ਹਰਕਤ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਵੇਂ ਪੁਲੀਸ ਨੇ ਪੋਕਸੋ ਐਕਟ ਤਹਿਤ ਸਰਪੰਚ ਅਤੇ ਉਸ ਦੇ ਸਾਥੀ ਆਟੋ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ, ਪ੍ਰੰਤੂ ਮੁਲਜ਼ਮ ਸਰਪੰਚ ਨੂੰ ਕਾਬੂ ਨਾ ਕਰਕੇ ਗਰੀਬ ਪਰਿਵਾਰ ਨਾਲ ਨਾਇਨਸਾਫੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲੀਸ ਵੱਲੋਂ ਆਵਾਜਾਈ ਬਦਲਵੇਂ ਮਾਰਗਾਂ ਤੋਂ ਚਲਾਈ ਗਈ। ਇਸ ਮੌਕੇ ਜਸਵੰਤ ਸਿੰਘ ਮਾਵੀ, ਲਖਵੀਰ ਸਿੰਘ ਲੱਖੀ, ਕਿਸਾਨ ਆਗੂ ਕੁਲਵੀਰ ਸਿੰਘ, ਸਾਬਕਾ ਚੇਅਰਮੈਨ ਬਖਸ਼ੀਸ ਸਿੰਘ ਕਟਾਰੀਆ, ਪ੍ਰਿੰਸੀਪਲ ਲਛਮਣ ਸਿੰਘ, ਸਾਬਕਾ ਸਰਪੰਚ ਕਰਨ ਸਿੰਘ ਕੰਧੋਲਾ, ਸੂਬੇਦਾਰ ਰਘਵੀਰ ਸਿੰਘ, ਚਮਨ ਲਾਲ ਅਤੇ ਨਸੀਬ ਸਿੰਘ ਸਮੇਤ ਵੱਡੀ ਗਿਣਤੀ ਇਨਸਾਫ਼ ਪਸੰਦ ਲੋਕ ਹਾਜ਼ਰ ਸਨ।