Punjab News: ਬੰਦੂਕ ਤਾਨਣ ਵਾਲੀ ਵੀਡੀਉ ਵਾਇਰਲ ਹੋਣ ਮਗਰੋਂ ਪੁਲੀਸ ਵੱਲੋਂ ਬੰਦੂਕਧਾਰੀ ਖ਼ਿਲਾਫ਼ ਕੇਸ ਦਰਜ
ਹਰਦੀਪ ਸਿੰਘ
ਧਰਮਕੋਟ, 20 ਜੂਨ
ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਵਲੋਂ ਹਵਾਈ ਫਾਇਰ ਕਰਨ ਅਤੇ ਦੂਜੀ ਧਿਰ ਵੱਲ ਬੰਦੂਕ ਤਾਣਨ ਦੇ ਦੋਸ਼ਾਂ ਤਹਿਤ ਥਾਣਾ ਧਰਮਕੋਟ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਤੋਂ ਇਸ ਸਬੰਧੀ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ।
ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਥੇ ਬੱਡੂਵਾਲ ਰੋਡ ਉਪਰ ਦੋ ਜ਼ਿਮੀਦਾਰ ਪਰਿਵਾਰਾਂ ਵਿੱਚ ਦੋਹਾਂ ਧਿਰਾਂ ਦੀ ਸਾਂਝੀ ਜ਼ਮੀਨ ਵਿੱਚੋਂ ਲੰਘਦੇ ਪਾਣੀ ਵਾਲੇ ਸਰਕਾਰੀ ਨਿਕਾਸੀ ਨਾਲੇ ਦੀ ਵੱਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਨੂੰ ਪੰਚਾਇਤ ਵਲੋਂ ਵੀ ਸੁਲਝਾਉਣ ਦਾ ਯਤਨ ਕੀਤਾ ਜਾ ਚੁੱਕਾ ਹੈ।
ਲੰਘੀ 16 ਜੂਨ ਨੂੰ ਇਕ ਧਿਰ ਵਲੋਂ ਇਸ ਨਿਕਾਸੀ ਖਾਲੇ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਇਹ ਝਗੜਾ ਹੋਰ ਵਧ ਗਿਆ। ਦਵਿੰਦਰ ਸਿੰਘ ਨਾਮੀ ਕਿਸਾਨ ਆਪਣੇ ਘਰੋਂ ਬਾਰਾਂ ਬੋਰ ਦੀ ਬੰਦੂਕ ਲੈ ਆਇਆ ਅਤੇ ਇਕ ਹਵਾਈ ਫਾਇਰ ਕਰਨ ਤੋਂ ਬਾਅਦ ਦੂਜੀ ਧਿਰ ਵੱਲ ਬੰਦੂਕ ਤਾਣ ਲਈ।
ਮੌਕੇ ਉੱਤੇ ਦੂਜੀ ਧਿਰ ਨੇ ਇਸ ਸਭ ਦੀ ਵੀਡੀਉ ਬਣਾ ਲਈ ਅਤੇ ਬਾਅਦ ਵਿੱਚ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ। ਇਸ ਤਹਿਤ ਮਾਮਲੇ ਦੀ ਪੜਤਾਲ ਪਿੱਛੋਂ ਕਾਬਲ ਸਿੰਘ ਪੁੱਤਰ ਸਾਹਿਬ ਸਿੰਘ ਦੇ ਬਿਆਨਾਂ ਉਪਰ ਦਵਿੰਦਰ ਸਿੰਘ ਵਿਰੁੱਧ ਥਾਣਾ ਧਰਮਕੋਟ ਵਿਚ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਮਾਮਲੇ ਦੀ ਅਗਲੇਰੀ ਪੜਤਾਲ ਕਰ ਰਹੇ ਹਨ।