Punjab News: ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਦਾ ਕਤਲ
ਨਿਰੰਜਣ ਬੋਹਾ
ਬੋਹਾ , 8 ਮਾਰਚ
ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਦਾ ਉਨ੍ਹਾਂ ਦੇ ਘਰ ਨਜ਼ਦੀਕ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਦੇ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਬੁਢਲਾਡਾ ਵਿਚ ਇਸ ਕਤਲ ਦੇ ਮਾਮਲੇ ਨੂੰ ਲੈ ਕੇ ਸੀਪੀਆਈ ਵਰਕਰਾਂ ਨੇ ਮਨਜੀਤ ਕੌਰ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਜਿੰਨਾ ਚਿਰ ਪੁਲੀਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਸ ਸਮੇਂ ਤੱਕ ਧਰਨਾ ਜਾਰੀ ਰਹੇਗਾ। ਇਸ ਕਤਲ ਦੀ ਵਜ੍ਹਾ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ। ਇੱਕ ਪਲਾਟ ਨੂੰ ਲੈ ਕੇ ਮਨਜੀਤ ਕੌਰ ਅਤੇ ਦੂਸਰੀ ਧਿਰ ਵੱਲੋਂ ਲੰਬੇ ਸਮੇਂ ਤੋਂ ਝਗੜਾ ਚੱਲਿਆ ਆ ਰਿਹਾ ਸੀ, ਕੁਝ ਦਿਨ ਪਹਿਲਾਂ ਸਾਂਝੀਆਂ ਜਥੇਬੰਦੀਆਂ ਵੱਲੋਂ ਪਲਾਟ ਦੇ ਮਸਲੇ ਦਾ ਹੱਲ ਕਰਾਉਂਦਿਆਂ ਮਨਜੀਤ ਕੌਰ ਦੇ ਹੱਕ ਵਿੱਚ ਪਲਾਟ ਦਾ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਦੂਜੀ ਧਿਰ ਵੱਲੋਂ ਸਮਝੌਤਾ ਨਾ ਮਨਜ਼ੂਰ ਹੋਣ ਕਾਰਨ ਅੱਜ ਇਹ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾ ਵਿਗੜ ਚੁੱਕੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕਾਮਰੇਡ ਸੀਤਾ ਰਾਮ ਗੋਬਿੰਦਪੁਰਾ, ਕਾਮਰੇਡ ਵੇਦ ਪ੍ਰਕਾਸ਼, ਕਾਮਰੇਡ ਅਸ਼ੋਕ ਲਾਕੜਾ, ਕਾਮਰੇਡ ਜਗਸੀਰ ਸਿੰਘ ਰਾਏਕੇ ਸਮੇਤ ਵੱਡੀ ਗਿਣਤੀ ਵਿੱਚ ਸੀਪੀਆਈ ਦੇ ਵਰਕਰ ਅਤੇ ਆਗੂ ਮੌਜੂਦ ਸਨ। ਇਸ ਘਟਨਾ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।