Punjab News: ਆਵਾਰਾ ਕੁੱਤਿਆਂ ਤੋਂ ਬਚਣ ਲਈ ਦਰੱਖ਼ਤ ’ਤੇ ਫਸਿਆ ਤੇਂਦੂਆ, ਬਚਾਅ ਕਾਰਜ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਨੰਗਲ, 16 ਮਈ
ਨੰਗਲ ਵਿਚ ਸਥਿਤ ਭਾਖੜਾ ਰੋਡ ’ਤੇ ਸ਼ੁੱਕਰਵਾਰ ਸਵੇਰੇ ਇਕ ਤੇਂਦੂਆ ਦਰੱਖ਼ਤ ’ਤੇ ਫਸਿਆ ਮਿਲਿਆ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਤੇਂਦੂਆ ਵੀਰਵਾਰ ਰਾਤ ਨੂੰ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਚਣ ਲਈ ਸੜਕ ਕਿਨਾਰੇ ਇਕ ਦਰੱਖ਼ਤ ’ਤੇ ਚੜ੍ਹ ਗਿਆ ਸੀ, ਪਰ ਹੇਠਾਂ ਨਹੀਂ ਉੱਤਰ ਸਕਿਆ ਅਤੇ ਉੱਥੇ ਹੀ ਫਸ ਗਿਆ।
ਤੇਂਦੂਏ ਨੇ ਬੀਤੀ ਰਾਤ ਇਲਾਕੇ ਵਿਚ ਇਕ ਕੁੱਤੇ ਨੂੰ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਆਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਤੇਂਦੂਆ ਭੱਜ ਕੇ ਨੇੜਲੇ ਦਰੱਖ਼ਤ 'ਤੇ ਚੜ੍ਹ ਗਿਆ। ਸਵੇਰ ਸਮੇਂ ਵੱਡੀ ਗਿਣਤੀ ’ਚ ਲੋਕ ਉੱਥੇ ਇਕੱਠੇ ਹੋ ਗਏ, ਜਿਸ ਕਾਰਨ ਤੇਂਦੂਏ ਦੇ ਭੱਜਣ ਦਾ ਰਸਤਾ ਬੰਦ ਹੋ ਗਿਆ।
ਜਾਨਵਰਾਂ ਦੀ ਸੁਰੱਖਿਆ ਨਾਲ ਜੁੜੇ ਕਾਰਕੁਨ ਪ੍ਰਭਾਤ ਭੱਟੀ ਨੇ ਦੱਸਿਆ ਕਿ ਇਹ ਲਗਭਗ ਡੇਢ ਸਾਲ ਦਾ ਤੇਂਦੂਆ ਹੈ ਅਤੇ ਤਣਾਅ ਵਿਚ ਹੈ, ਮੌਕੇ ’ਤੇ ਇਕੱਠੀ ਹੋਈ ਭੀੜ ਕਾਰਨ ਉਸ ਦੀ ਹਾਲਤ ਹੋਰ ਖ਼ਰਾਬ ਹੋ ਰਹੀ ਹੈ।
ਜੰਗਲਾਤ ਵਿਭਾਗ ਨੇ ਇਸ ਜੰਗਲੀ ਜਾਨਵਰ ਨੂੰ ਸੁਰੱਖਿਅਤ ਬਚਾਉਣ ਲਈ ਉਸ ਨੂੰ ਬੇਹੋਸ਼ ਕਰਕੇ ਜੰਗਲ ’ਚ ਛੱਡਣ ਦਾ ਫੈਸਲਾ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸੀ।