Punjab News: ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ, 9 ਜ਼ਖਮੀ
ਅਸ਼ੋਕ ਕੌਰਾ
ਫਗਵਾੜਾ, 21 ਫਰਵਰੀ
ਫਗਵਾੜਾ-ਹੁਸ਼ਿਆਰਪੁਰ ਹਾਈਵੇ ’ਤੇ ਵੀਰਵਾਰ ਦੇਰ ਰਾਤ ਢੰਡੇ ਮੋੜ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਥਾਣਾ ਸਦਰ ਦੇ ਐੱਸਐੱਚਓ ਦਿਲਬਾਗ ਸਿੰਘ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੁਖਤਿਆਰ ਸਿੰਘ (70) ਅਤੇ ਉਨ੍ਹਾਂ ਦੀ ਪਤਨੀ ਧਰਮ ਕੌਰ ਦੋਵੇਂ ਵਾਸੀ ਫਗਵਾੜਾ ਨੇੜਲੇ ਪਿੰਡ ਜਗਜੀਤਪੁਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁਖਤਿਆਰ ਸਿੰਘ ਆਪਣੀ ਕਾਰ ਵਿੱਚ ਇੱਕ ਵਿਆਹ ਸਮਾਗਮ ਤੋਂ ਘਰ ਪਰਤ ਰਿਹਾ ਸੀ। ਜਦ ਉਹ ਢੰਡੇ-ਮੋੜ ਨੇੜੇ ਪਹੁੰਚੇ ਤਾਂ ਫਗਵਾੜਾ ਵਾਲੇ ਪਾਸੇ ਤੋਂ ਆ ਰਹੀ ਇੱਕ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੁਖਤਿਆਰ ਸਿੰਘ ਅਤੇ ਉਸ ਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ’ਚ 9 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਸੁਖਵਿੰਦਰ ਸਿੰਘ (ਪੁੱਤਰ ਮੁਖਤਿਆਰ ਸਿੰਘ) ਅਤੇ ਉਸ ਦੇ ਬੱਚੇ ਨੈਨਾ ਦੇਵੀ, ਅਵਲੀਨ ਕੌਰ, ਸਮਰਵੀਰ ਅਤੇ ਗੁਰਲਾਜ ਕੌਰ ਤੋਂ ਇਲਾਵਾ ਕਾਰ ਵਿੱਚ ਸਵਾਰ ਮੋਹਨ ਲਾਲ, ਬਿੰਦਰ, ਮਮਤਾ ਅਤੇ ਬਰਖਾ ਸ਼ਾਮਲ ਹਨ।
ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐੱਸਐੱਚਓ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਹਾਦਸਾ ਬਰਸਾਤ ਕਾਰਨ ਵਾਪਰਿਆ ਜਾਪਦਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।