Punjab News: ਨਕੋਦਰ ਕਾਂਡ ਬਾਰੇ ਰਿਪੋਰਟ ਗਵਾਚਣ ਦੀ ਜਾਂਚ ਲਈ ਸਦਨ ਦੀ ਕਮੇਟੀ ਬਣੇਗੀ
ਚਰਨਜੀਤ ਭੁੱਲਰ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਅੱਜ ਆਖ਼ਰੀ ਦਿਨ ਸਾਲ 1986 ਵਿੱਚ ਵਾਪਰੇ ਨਕੋਦਰ ਕਾਂਡ ਦੇ ਮਾਮਲੇ ’ਚ ਐਕਸ਼ਨ ਟੇਕਨ (ਕਾਰਵਾਈ) ਰਿਪੋਰਟ ਦੀ ਗੁੰਮਸ਼ੁਦਗੀ ਬਾਰੇ ਸਦਨ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਸਤਾਵ ਕੀਤਾ ਕਿ ਜਸਟਿਸ ਗੁਰਨਾਮ ਸਿੰਘ ਵੱਲੋਂ ਜੋ ਨਕੋਦਰ ਕਾਂਡ ਦੀ ਰਿਪੋਰਟ ਦਿੱਤੀ ਗਈ ਸੀ, ਉਸ ਦਾ ਇੱਕ ਹਿੱਸਾ ਤਾਂ ਰਿਕਾਰਡ ਵਿੱਚ ਮੌਜੂਦ ਹੈ ਜਦੋਂ ਕਿ ਜਾਂਚ ਰਿਪੋਰਟ ਦਾ ਦੂਸਰਾ ਭਾਗ ‘ਐਕਸ਼ਨ ਟੇਕਨ ਰਿਪੋਰਟ’ ਗੁੰਮ ਹੋ ਗਿਆ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਗੁੰਮਸ਼ੁਦਗੀ ਪਿੱਛੇ ਗਹਿਰੀ ਸਾਜ਼ਿਸ਼ ਹੈ, ਜਿਸ ਕਰਕੇ ਸਦਨ ਦੀ ਕਮੇਟੀ ਬਣਾ ਕੇ ਇਸ ਦੀ ਪੜਤਾਲ ਕੀਤੀ ਜਾਵੇ। ਸਪੀਕਰ ਨੇ ਸਦਨ ਦੀ ਸਹਿਮਤੀ ਨਾਲ ਕਮੇਟੀ ਦੇ ਗਠਨ ਦਾ ਐਲਾਨ ਕੀਤਾ।
ਚੇਤੇ ਰਹੇ ਕਿ 1986 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੇ ਖ਼ਿਲਾਫ਼ ਸੰਘਰਸ਼ ਵਿੱਚ ਕੁੱਦੇ ਲੋਕਾਂ ’ਤੇ ਪੁਲੀਸ ਨੇ ਫਾਇਰਿੰਗ ਕਰ ਦਿੱਤੀ ਸੀ, ਜਿਸ ਵਿੱਚ ਚਾਰ ਨੌਜਵਾਨ ਮਾਰੇ ਗਏ ਸਨ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਪੰਜਾਬ ਵਿੱਚ ਲੰਘੇ ਸੱਤ ਮਹੀਨਿਆਂ ਵਿੱਚ ਹੋਏ 20 ਪੁਲੀਸ ਮੁਕਾਬਲਿਆਂ ਦੀ ਗੱਲ ਰੱਖੀ।