Punjab News - Fire Accident: ਗੈਸ ਟੈਂਕਰ ਦੇ ਕੈਬਿਨ ’ਚ ਅੱਗ ਲੱਗਣ ਕਾਰਨ ਡਰਾਈਵਰ ਜ਼ਿੰਦਾ ਸੜਿਆ
Punjab News - Fire Accident:
ਟੈਂਕਰ ਦੇ ਕੈਬਿਨ ’ਚ ਅਚਾਨਕ ਲੱਗੀ ਅੱਗ ਦੇ ਕਾਰਨਾਂ ਦੀ ਪੁਲੀਸ ਵੱਲੋਂ ਜਾਂਚ ਜਾਰੀ; ਫਾਇਬ ਬ੍ਰਿਗੇਡ ਵੱਲੋਂ ਅੱਗ ਨੂੰ ਕਾਬੂ ਕਰ ਲਏ ਜਾਣ ਦੇ ਬਾਵਜੂਦ ਨਾ ਬਚ ਸਕੀ 35 ਸਾਲਾ ਡਰਾਈਵਰ ਦੀ ਜਾਨ
ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 26 ਫਰਵਰੀ
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਐਸਪੀਸੀਐਲ ਪਲਾਂਟ ਫੁਲੋਖਾਰੀ ਗੇਟ ਦੇ ਬਾਹਰ ਬੀਤੀ ਦੇਰ ਰਾਤ ੧ ਵਜੇ ਦੇ ਕਰੀਬ ਪ੍ਰਾਈਵੇਟ ਪਾਰਕਿੰਗ ਵਿਚ ਖੜ੍ਹੇ ਇਕ ਗੈਸ ਟੈਂਕਰ ਦੇ ਕੈਬਿਨ ਵਿਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕੈਬਿਨ ਵਿਚ ਸੁੱਤਾ ਪਿਆ ਡਰਾਈਵਰ ਜ਼ਿੰਦਾ ਸੜ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਸਮੇਂ ਰਿਫਾਇਨਰੀ ਦੀ ਫਾਇਰ ਬ੍ਰਿਗੇਡ ਅਤੇ ਫਾਇਰ ਟੀਮ ਵੱਲੋਂ ਫੋਮ ਟੈਂਕਰ ਰਾਹੀਂ ਅੱਗ ’ਤੇ ਕਾਬੂ ਪਾ ਲਿਆ ਗਿਆ, ਪਰ ਉਦੋਂ ਤੱਕ ਡਰਾਈਵਰ ਬੁਰੀ ਤਰ੍ਹਾਂ ਸੜ ਚੁੱਕਿਆ ਸੀ।
ਰਾਮਾਂ ਥਾਣੇ ਦੇ ਐਸਐਚਓ ਇੰਸਪੈਕਟਰ ਹਰਬੰਸ ਸਿੰਘ ਅਤੇ ਏਐਸਆਈ ਗੁਰਤੇਜ ਸਿੰਘ ਘਟਨਾ ਸਥਾਨ ’ਤੇ ਪਹੁੰਚੇ। ਮ੍ਰਿਤਕ ਪ੍ਰਭਜੀਤ ਸਿੰਘ ਉਮਰ 35 ਸਾਲ ਪਿੰਡ ਡੈਅਰੀਕੇ ਮਜੀਠਾ ਨਾਲ ਸਬੰਧਤ ਸੀ।
ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਉਕਤ ਪਾਰਕਿੰਗ ਵਿਚ ਪਹੁੰਚ ਕੇ ਲਾਸ਼ ਨੂੰ ਟੈਂਕਰ ਵਿੱਚੋਂ ਬਾਹਰ ਕੱਢਿਆ ਗਿਆ। ਪੁਲੀਸ ਵੱਲੋਂ ਸੁਸਾਇਟੀ ਦੀ ਮੱਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।
ਖ਼ਬਰ ਲਿਖੇ ਜਾਣ ਤੱਕ ਟੈਂਕਰ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਪੁਲੀਸ ਵੱਲੋਂ ਜਾਂਚ ਜਾਰੀ ਸੀ।