Punjab News - Farmer Suicide: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ, ਦੋ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
Punjab News - Farmer commits Suicide:
ਮਨੋਜ ਸ਼ਰਮਾ
ਬਠਿੰਡਾ, 4 ਜੁਲਾਈ
ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਕਿਸਾਨ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਗੁਰਸਾਹਿਬ ਸਿੰਘ ਵਜੋਂ ਹੋਈ ਹੈ, ਜੋ ਕਿ ਖੇਤੀਬਾੜੀ ਦੇ ਕੰਮ ਨਾਲ ਜੁੜਿਆ ਹੋਇਆ ਸੀ।
ਸਵੇਰੇ 8.30 ਵਜੇ ਵਾਪਰੀ ਇਸ ਮੰਦਭਾਗੀ ਦੁਰਘਟਨਾ ਕਾਰਨ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਗੁਰਮੇਲ ਸਿੰਘ ਅਤੇ ਇੰਦਰਜੀਤ ਸਿੰਘ ਵਿਰੁੱਧ ਠੱਗੀ ਅਤੇ ਧੋਖਾਧੜੀ ਦੇ ਦੋਸ਼ ਹੇਠ ਥਾਣਾ ਨੇਹੀਆਂ 'ਚ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ, ਗੁਰਸਾਹਿਬ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਧੀ ਦੇ ਵਿਆਹ ਲਈ ਕਰਜ਼ਾ ਲਿਆ ਸੀ, ਜੋ ਹਾਲੇ ਤੱਕ ਉਤਾਰਿਆ ਨਹੀਂ ਜਾ ਸਕਿਆ ਸੀ। ਇਸ ਕਾਰਨ ਉਸ ਨੂੰ ਪਿੰਡ ਦੇ ਰਹਿਣ ਵਾਲੇ ਦਲਾਲ ਗਿਆਨ ਚੰਦ ਦੇ ਕਹਿਣ ’ਤੇ ਗੁਰਮੇਲ ਸਿੰਘ ਤੇ ਉਸ ਦੇ ਸਾਥੀ ਇੰਦਰਜੀਤ ਸਿੰਘ ਨੇ ਤਿੰਨ ਕਰੋੜ ਰੁਪਏ ਦਾ ਕਰਜ਼ ਲੈ ਕੇ ਦੇਣ ਦਾ ਭਰੋਸਾ ਦਿਵਾਇਆ ਸੀ। ਇਸ ਦੇ ਬਦਲੇ ਉਨ੍ਹਾਂ ਨੇ ਵੱਖ ਵੱਖ ਰੂਪ ਵਿਚ ਗੁਰਸਾਹਿਬ ਸਿੰਘ ਤੋਂ 4 ਲੱਖ ਰੁਪਏ ਕਮਿਸ਼ਨ ਵਜੋਂ ਵੀ ਲਏ। ਇਸ ਦੇ ਬਾਵਜੂਦ ਜਦੋਂ ਕਈ ਮਹੀਨੇ ਬੀਤ ਜਾਣ ਉਪਰੰਤ ਵੀ ਉਸ ਨੂੰ ਤਿੰਨ ਕਰੋੜ ਰੁਪਏ ਕਰਜ਼ਾ ਨਹੀਂ ਮਿਲਿਆ ਤੇ ਮੁਲਜ਼ਮ ਉਸ ਨੂੰ ਲਾਰੇ ਲਾਉਣ ਲੱਗੇ ਤਾਂ ਗੁਰਸਾਹਿਬ ਨੇ ਮਨੋਵਿਗਿਆਨਕ ਤਣਾਅ 'ਚ ਆ ਕੇ ਆਪਣੀ ਬੰਦੂਕ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ, ਜਾਂਚ ਜਾਰੀ: ਪੁਲੀਸ ਅਧਿਕਾਰੀ
ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫਸਰ ਅਮਰਿੰਦਰ ਸਿੰਘ ਸਮੇਤ ਉੱਚ ਅਧਿਕਾਰੀਆਂ ਨੇ ਦੱਸਿਆ ਇਸ ਮਾਮਲੇ ਵਿਚ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨ ’ਤੇ ਬੀਐਨਐਸ ਦੀ ਧਾਰਾ 106, 3(5) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ।