Punjab News - Factory Fire: ਕੋਟ ਈਸੇ ਖਾਂ ਦੀ ਸਲੋਸ਼ਨ ਪੈਕਿੰਗ ਫੈਕਟਰੀ ਸਬੰਧੀ ਨਵੇਂ ਖ਼ੁਲਾਸੇ
ਫੈਕਟਰੀ ਆਬਾਦੀ ਵਾਲੇ ਖੇਤਰ ਵਿਚ ਚਲਾਏ ਜਾਣ ਕਾਰਨ ਇਸ ਦੀ ਮਨਜ਼ੂਰੀ ਆਦਿ ਵਰਗੇ ਮਾਮਲਿਆਂ ’ਤੇ ਉੱਠੇ ਸਵਾਲ
ਹਰਦੀਪ ਸਿੰਘ
ਧਰਮਕੋਟ, 18 ਮਈ
ਲੰਘੀ ਸ਼ਾਮ ਅੱਗ ਦੀ ਲਪੇਟ ਵਿੱਚ ਆਈ ਕੋਟ ਈਸੇ ਖਾਂ ਦੀ ਕੈਮੀਕਲ ਫੈਕਟਰੀ ਬਾਰੇ ਹੈਰਾਨੀਜਨਕ ਖ਼ੁਲਾਸੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਘਰ ਵਿਚ ਚਲਾਈ ਜਾ ਰਹੀ ਇਸ ਫੈਕਟਰੀ ਅੰਦਰ ਕੈਮੀਕਲਾਂ ਦੇ ਮਿਸ਼ਰਣ ਨਾਲ ਸਲੋਸ਼ਨ ਤਿਆਰ ਕਰਕੇ ਉਨ੍ਹਾਂ ਦੀ ਇੱਥੇ ਪੈਕਿੰਗ (ਸਲੋਸ਼ਨ ਪੈਕਿੰਗ) ਕੀਤੀ ਜਾ ਰਹੀ ਸੀ।
ਫੈਕਟਰੀ ਅੰਦਰ ਅੱਗ ਲੱਗਣ ਸਮੇਂ 50 ਦੇ ਕਰੀਬ ਤਰਲ ਪਦਾਰਥ ਕੈਮੀਕਲ ਦੇ ਡਰੰਮ ਭਰੇ ਪਏ ਹੋਏ ਸਨ। ਮੁਹੱਲਾ ਵਾਸੀਆਂ ਮੁਤਾਬਕ ਇਹ ਧੰਦਾ ਲੰਘੇ ਕਈ ਵਰ੍ਹਿਆਂ ਤੋਂ ਚੱਲ ਰਿਹਾ ਸੀ। ਇਸ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਉਕਤ ਫੈਕਟਰੀ ਨੂੰ ਚਲਾਉਣ ਲਈ ਜੇ ਮਨਜ਼ੂਰੀ ਵੀ ਮਿਲੀ ਹੈ ਤਾਂ ਉਹ ਵੀ ਸੁਆਲਾਂ ਦੇ ਘੇਰੇ ਹੇਠ ਆ ਗਈ ਹੈ।
ਫੈਕਟਰੀ ਦੇ ਮਾਲਕ ਨੇ ਲੁਧਿਆਣਾ ਵਿਖੇ ਆਪਣਾ ਹੈਡਕੁਆਰਟਰ ਬਣਾਇਆ ਹੋਇਆ ਹੈ। ਬੇਸ਼ੱਕ ਫੈਕਟਰੀ ਦੀ ਪ੍ਰਮਾਣਕਤਾ ਬਾਰੇ ਅਜੇ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ ਹੈ, ਲੇਕਿਨ ਲਾਏ ਜਾ ਰਹੇ ਅਨੁਮਾਨ ਅਨੁਸਾਰ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਇਸ ਨੂੰ ਚਲਾਉਣਾ ਗੈਰਕਾਨੂੰਨੀ ਹੋ ਸਕਦਾ ਹੈ।
ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੀ ਬੀਤੀ ਸ਼ਾਮ ਅੱਗ ਲੱਗਣ ਤੋਂ ਬਾਅਦ ਫੈਕਟਰੀ ਉੱਤੇ ਉਂਗਲ ਉਠਾਉਂਦਿਆਂ ਅਧਿਕਾਰੀਆਂ ਨੂੰ ਇਸ ਦੀ ਜਾਂਚ-ਪੜਤਾਲ ਦੇ ਨਿਰਦੇਸ਼ ਦਿੱਤੇ ਸਨ।
ਅਗਨੀ ਕਾਂਡ ਵਿਚ ਜਿੱਥੇ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ, ਉੱਥੇ ਇਮਾਰਤ ਦੇ ਮਾਲਕ ਅਮਰੀਕ ਸਿੰਘ ਦੇ ਬਿਲਕੁਲ ਨਜ਼ਦੀਕੀ ਘਰ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਦਾ ਮਾਲਕ ਅਜੇ ਤੱਕ ਵੀ ਪਰਦੇ ਪਿੱਛੇ ਹੈ। ਸਿਵਲ ਪ੍ਰਸ਼ਾਸਨ ਅਤੇ ਪੁਲੀਸ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਨਾ ਤਾਂ ਕੋਈ ਜਾਣਕਾਰੀ ਮੁਹੱਈਆ ਕਰਵਾ ਰਹੇ ਹੈ ਅਤੇ ਨਾ ਹੀ ਹੋਏ ਨੁਕਸਾਨ ਦੇ ਵੇਰਵੇ ਸਾਂਝੇ ਕਰ ਰਿਹਾ ਹੈ।
ਸੂਤਰਾਂ ਮੁਤਾਬਕ ਅੱਗ ਲੱਗਣ ਤੋਂ ਪਹਿਲਾਂ ਫੈਕਟਰੀ ਅੰਦਰ ਇਕ ਮਹਿਲਾ ਮੁਲਾਜ਼ਮ ਭੱਠੀ ਉੱਤੇ ਕੈਮੀਕਲਾਂ ਦਾ ਮਿਸ਼ਰਣ ਤਿਆਰ ਕਰ ਰਹੀ ਸੀ। ਜਦੋਂ ਉਸਨੂੰ ਭੱਠੀ ਦੀ ਅੱਗ ਭੜਕਦੀ ਦਿਸੀ ਤਾਂ ਉਹ ਉੱਥੋਂ ਬਾਹਰ ਵੱਲ ਨੂੰ ਭੱਜ ਨਿਕਲੀ ਤੇ ਇਸ ਤੋਂ ਬਾਅਦ ਅੱਗ ਦੇ ਭਾਂਬੜ ਸ਼ੁਰੂ ਹੋ ਗਏ। ਜਾਣਕਾਰੀ ਮੁਤਾਬਕ ਅੱਗ ’ਤੇ ਕਾਬੂ ਪਾਉਣ ਲਈ ਧਰਮਕੋਟ, ਮੋਗਾ, ਬਾਘਾਪੁਰਾਣਾ, ਜ਼ੀਰਾ ਆਦਿ ਦੇ ਫਾਇਰ ਸਟੇਸ਼ਨਾਂ ਤੋਂ ਸਹਾਇਤਾ ਲਈ ਗਈ।
ਕੀ ਕਹਿੰਦੇ ਨੇ ਅਧਿਕਾਰੀ
ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਸਪੰਰਕ ਕਰਨ ਉੱਤੇ ਸਿਰਫ ਇੰਨਾ ਹੀ ਦੱਸਿਆ ਕਿ ਉਹ ਫੈਕਟਰੀ ਦੀ ਪ੍ਰਮਾਣਕਤਾ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ਤੇ ਇਸ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਨ।
ਫੈਕਟਰੀ ਤੇ ਇਮਾਰਤ ਦੇ ਮਾਲਕਾਂ ਖਿਲਾਫ਼ ਕੇਸ ਦਰਜ
ਪੁਲੀਸ ਨੇ ਮੁੱਢਲੀ ਤਫਤੀਸ਼ ਤੋਂ ਬਾਅਦ ਫੈਕਟਰੀ ਦੇ ਮਾਲਕ ਬਲਰਾਜ ਧੀਰ ਅਤੇ ਇਮਾਰਤ ਦੇ ਮਾਲਕ ਅਮਰੀਕ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਫੈਕਟਰੀ ਵਿਰੁੱਧ ਨਿਯਮਾਂ ਦੀ ਅਣਦੇਖੀ ਕਰਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਤਹਿਤ ਥਾਣਾ ਕੋਟ ਈਸੇ ਖਾਂ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਸਾਰੇ ਮਾਮਲੇ ਨੂੰ ਦੇਖ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਹੋਰ ਵਿਅਕਤੀ ਵੀ ਇਸ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।