Punjab News: ਸਾਬਕਾ ਫੌਜੀ ਨੇ ਗੋਲੀਆਂ ਚਲਾ ਕੇ ਪੁੱਤ ਦੀ ਜਾਨ ਲਈ, ਪਤਨੀ ਗੰਭੀਰ ਜ਼ਖ਼ਮੀ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 4 ਜੂਨ
ਨੇੜਲੇ ਪਿੰਡ ਬੁਆਣੀ ਵਿਖੇ ਇਕ ਸੇਵਾ ਮੁਕਤ ਫੌਜੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੇ ਜ਼ਖ਼ਮਾਂ ਦੀ ਤਾਬ ਨਾਲ ਝੱਲਦੇ ਹੋਏ ਫੌਜੀ ਦੇ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਪਤਨੀ ਬਲਵਿੰਦਰ ਕੌਰ ਦੀ ਹਾਲਤ ਗੰਭੀਰ ਹੈ। ਮੁਲਜ਼ਮ ਸਾਬਕਾ ਫੌਜੀ ਫਰਾਰ ਹੈ।
ਜਾਣਕਾਰੀ ਅਨੁਸਾਰ ਦੋਰਾਹਾ ਨੇੜਲੇ ਪਿੰਡ ਬੁਆਣੀ ਵਿਖੇ ਸੇਵਾਮੁਕਤ ਫੌਜੀ ਬਲਜਿੰਦਰ ਸਿੰਘ ਨੇ ਘਰੇਲੂ ਪ੍ਰੇਸ਼ਾਨੀ ਕਾਰਨ ਗੁੱਸੇ ਵਿਚ ਆ ਕੇ ਪੁੱਤਰ ਜਗਮੀਤ ਸਿੰਘ ਅਤੇ ਪਤਨੀ ਬਲਵਿੰਦਰ ਕੌਰ ’ਤੇ ਕਈ ਗੋਲੀਆਂ ਚਲਾਈਆਂ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਵਾਰਦਾਤ ਉਪਰੰਤ ਫੌਜੀ ਫਰਾਰ ਹੋ ਗਿਆ।
ਆਲੇ ਦੁਆਲੇ ਦੇ ਲੋਕਾਂ ਤੋਂ ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਅਤੇ ਐਸਐਚਓ ਦੋਰਾਹਾ ਅਕਾਸ਼ ਦੱਤ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਡੀਐਸਪੀ ਅਨੁਸਾਰ ਜਲਦ ਹੀ ਫੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।