Punjab News - Drug Menace: ਨਸ਼ਾ ਤਸਕਰਾਂ ਦੀ ‘ਮੁਖ਼ਬਰੀ’ ਕਰਨ ’ਤੇ ਨਾਬਾਲਗ ਨੌਜਵਾਨ ਨੂੰ ਦਿੱਤੀ ‘ਤਾਲੀਬਾਨੀ’ ਸਜ਼ਾ
ਅੱਧਨੰਗਾ ਕਰਕੇ ਕੀਤੀ ਕੁੱਟਮਾਰ, ਵੀਡਿਉ ਬਣਾ ਕੇ ਕੀਤੀ ਵਾਇਰਲ; ਵੀਡੀਓ ਵਾਇਰਲ ਹੋਣ ਪਿੱਛੋਂ ਘਟਨਾ ਹੋਈ ਜੱਗ ਜ਼ਾਹਰ; ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 25 ਜੂਨ
ਇਥੇ ਫ਼ਰੀਦਕੋਟ ਰੋਡ ’ਤੇ ਸਥਿਤ ਪਿੰਡ ਨਵਾਂ ਪੁਰਬਾ ਵਿੱਚ ਨਸ਼ਾ ਤਸਕਰਾਂ ਦੀ ਦਹਿਸ਼ਤ ਦਾ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਨਸ਼ਾ ਤਸਕਰਾਂ ਨੇ ਉਨ੍ਹਾਂ ਦੀ ਪੁਲੀਸ ਕੋਲ ਮੁਖ਼ਬਰੀ ਦੇ ਸ਼ੱਕ ਵਿੱਚ ਇੱਕ ਨਾਬਾਲਗ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਸ ਨੂੰ ਅੱਧ-ਨੰਗਾ ਕਰਕੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਇਹ ਘਟਨਾ ਤਿੰਨ-ਚਾਰ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਪੀੜਤ ਨੌਜਵਾਨ ਵਿਸ਼ਾਲ, ਜੋ ਦਿਹਾੜੀ ਮਜ਼ਦੂਰੀ ਕਰਦਾ ਹੈ, ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲੀਸ ਨੇ ਉਸਦੇ ਪਿੰਡ ਦੇ ਕੁਝ ਨਸ਼ਾ ਤਸਕਰਾਂ ਨੂੰ ਫੜਿਆ ਸੀ। ਜਦੋਂ ਉਹ ਤਸਕਰ ਥਾਣੇ ਤੋਂ ਵਾਪਸ ਆਏ, ਤਾਂ ਉਨ੍ਹਾਂ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਉਸਨੂੰ ਰਸਤੇ ਵਿੱਚੋਂ ਹੀ ਚੁੱਕ ਲਿਆ।
ਉਸ ਨੇ ਦੋਸ਼ ਲਾਇਆ ਕਿ ਉਸ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਅਤੇ ਉਸ ਨੂੰ ਨੇੜਲੇ ਪਿੰਡ ਰੁਕਨਾ ਮੁੰਗਲਾ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ ਗਿਆ। ਡਰ ਕਾਰਨ ਵਿਸ਼ਾਲ ਨੇ ਪਹਿਲਾਂ ਕਿਸੇ ਨੂੰ ਇਸ ਘਟਨਾ ਬਾਰੇ ਨਹੀਂ ਦੱਸਿਆ, ਪਰ ਜਦੋਂ ਹਮਲਾਵਰਾਂ ਨੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਤਾਂ ਮਾਮਲਾ ਸਾਹਮਣੇ ਆਇਆ।
ਵਿਸ਼ਾਲ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਹੈ। ਘਰ ਵਿੱਚ ਉਸ ਦੀ ਛੋਟੀ ਭੈਣ ਵੀ ਹੈ। ਹਮਲਾਵਰਾਂ ਦੀਆਂ ਧਮਕੀਆਂ ਕਾਰਨ ਉਹ ਸਹਿਮਿਆ ਹੋਇਆ ਹੈ।
ਕੀ ਕਹਿੰਦੇ ਨੇ ਪੁਲੀਸ ਅਧਿਕਾਰੀ
ਪੀੜਤ ਵਿਸ਼ਾਲ ਵੱਲੋਂ ਪੁਲੀਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਹਲਕਾ ਡੀਐਸਪੀ ਕਰਨ ਸ਼ਰਮਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਸ਼ਾਲ ਨੇ ਆਪਣੀ ਸ਼ਿਕਾਇਤ ਵਿੱਚ ਕੁੱਟਮਾਰ ਕਰਨ ਵਾਲਿਆਂ ਦੇ ਨਾਮ ਵੀ ਲਿਖੇ ਹਨ। ਡੀਐਸਪੀ ਸ਼ਰਮਾ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ ਪੁਲੀਸ ਦੀ ਜ਼ਿੰਮੇਵਾਰੀ ਹੈ ਅਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਵਧਦੇ ਹੌਸਲੇ ਅਤੇ ਆਮ ਲੋਕਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।