Punjab News: ਕਾਊਂਟਰ ਇੰਟੈਲੀਜੈਂਸ ਵੱਲੋਂ ਹਥਿਆਰਾਂ ਅਤੇ ਨਸ਼ਿਆਂ ਸਣੇ ਇਕ ਗ੍ਰਿਫਤਾਰ
ਹਥਿਆਰ ਪਾਕਿਸਤਾਨ ਵਾਲੇ ਪਾਸਿਉਂ ਆਏ ਹੋਣ ਦਾ ਸ਼ੱਕ, ਪੁਲੀਸ ਵੱਲੋਂ ਜਾਂਚ ਜਾਰੀ; ਪੁਲੀਸ ਨੂੰ ਝਕਾਨੀ ਦੇ ਕੇ ਭੱਜੇ ਮੁਲਜ਼ਮ ਦੀ ਕਾਰ ਖੇਤਾਂ ’ਚ ਪਲਟੀ ਤਾਂ ਆਇਆ ਕਾਬੂ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 3 ਮਾਰਚ
Punjab News: ਕਾਊਂਟਰ ਇੰਟੈਲੀਜੈਂਸ ਨੇ ਪਿੰਡ ਢਿਲਵਾਂ ਨਜ਼ਦੀਕ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ, ਕਾਰਤੂਸ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਫਰੀਦਕੋਟ ਇੰਟੈਲੀਜੈਂਸ ਨੇ ਇਸ ਸਬੰਧੀ ਆਪਣੇ ਫਾਜ਼ਿਲਕਾ ਸਥਿਤ ਸੂਬਾਈ ਥਾਣੇ ਵਿੱਚ ਕੇਸ ਦਰਜ ਕਰ ਕੇ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਫੜੇ ਗਏ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਦੀਪਾ, ਪਿੰਡ ਘੱਲ ਖੁਰਦ ਵਜੋਂ ਹੋਈ। ਇੰਟੈਲੀਜੈਂਸ ਟੀਮ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਸ ਪਾਸੋਂ ਬਰਾਮਦ ਹਥਿਆਰ ਅਤੇ ਨਸ਼ਾ ਪਾਕਿਸਤਾਨ ਵਾਲੇ ਪਾਸਿਉਂ ਆਇਆ ਹੈ।
ਇਹ ਜਾਣਕਾਰੀ ਦਿੰਦਿਆਂ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ `ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਕੋਟਕਪੂਰਾ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਇੱਕ ਸਵਿਫਟ ਕਾਰ ਆਉਂਦੀ ਦਿਖਾਈ ਦਿੱਤੀ। ਉਨ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਪੁਲੀਸ ਨੂੰ ਝਕਾਨੀ ਦੇ ਕੇ ਗੱਡੀ ਭਜਾ ਲਈ।
ਉਨ੍ਹਾਂ ਦੱਸਿਆ ਕਿ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਪਿੰਡ ਢਿਲਵਾਂ ਕਲਾਂ ਕੋਲ ਕਾਰ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ। ਟੀਮ ਨੇ ਡਰਾਈਵਰ ਨੂੰ ਘੇਰੇ ਵਿੱਚ ਲੈ ਲਿਆ ਤਾਂ ਉਸ ਨੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੀ ਗੱਡੀ ਦੀ ਤਲਾਸ਼ੀ ਗਈ ਗਈ ਤਾਂ ਉਸ ਵਿਚੋਂ ਦੋ ਪਿਸਤੌਲ 9 ਐਮਐਮ, 1 ਪੰਪ ਐਕਸ਼ਨ ਬੰਦੂਕ 12 ਬੋਰ ਅਤੇ 141 ਕਾਰਤੂਸਾਂ ਸਮੇਤ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਦੌਰਾਨ ਇਸ ਦੇ ਤਾਰ ਪਾਕਿਸਤਾਨ ਦੇ ਨਸ਼ਾ ਤਸਕਰਾਂ ਅਤੇ ਹਥਿਆਰ ਤਸਕਰਾਂ ਨਾਲ ਜੁੜੇ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਹਥਿਆਰ ਅਤੇ ਨਸ਼ਾ ਇਸ ਨੇ ਅੱਗੇ ਕਿਥੇ ਸਪਲਾਈ ਕਰਨਾ ਸੀ, ਇਸ ਬਾਰੇ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨੌਜਵਾਨ ਖਿਲਾਫ ਪਹਿਲਾਂ ਵੀ ਗੰਭੀਰ ਧਾਰਵਾਂ ਤਹਿਤ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।