Punjab news ਗੈਸ ਪਾਈਪਲਾਈਨ ਬਦਲੇ ਮੁਆਵਜ਼ਾ ਲੈਣ ਦਾ ਮਾਮਲਾ: ਪਿੰਡ ਲੇਲੇਵਾਲਾ ’ਚ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ
ਕਿਸਾਨਾਂ ਨੇ ਪੁਲੀਸ ਨਾਕੇ ਤੋੜਦਿਆਂ ਖੇਤਾਂ ਵਿੱਚ ਜਾ ਕੇ ਪਾਈਪ ਲਾਈਨ ਦਾ ਕੰਮ ਰੋਕਿਆ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ,12 ਮਾਰਚ
Punjab news ਬਹੁਕੌਮੀ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਗੈਸ ਪਾਈਪਲਾਈਨ ਦਾ ਕੰਮ ਭਾਰੀ ਪੁਲੀਸ ਬਲ ਦੇ ਜ਼ੋਰ ਨਾਲ ਸ਼ੁਰੂ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਅੱਜ ਮੁੜ ਝੜਪ ਹੋ ਗਈ। ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਪੁਲੀਸ ਨਾਕੇ ਤੋੜਦਿਆਂ ਖੇਤਾਂ ਵਿੱਚ ਚੱਲ ਰਹੇ ਕੰਮ ਨੂੰ ਬੰਦ ਕਰਵਾਇਆ।
ਗੈਸ ਪਾਈਪਲਾਈਨ ਕੰਪਨੀ ਨੇ ਅੱਜ ਸਵੇਰੇ ਹੀ ਆਪਣੀ ਸਾਰੀ ਮਸ਼ੀਨਰੀ ਤੇ ਮੁਲਾਜ਼ਮ ਲਿਆ ਕੇ ਭਾਰੀ ਪੁਲੀਸ ਬਲ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਪਾਈਪ ਲਾਈਨ ਦਾ ਰਹਿੰਦਾ ਕੰਮ ਆਰੰਭ ਕੀਤਾ ਸੀ। ਖੇਤਾਂ ਵੱਲ ਜਾਂਦੇ ਸਾਰੇ ਰਸਤੇ ਪੁਲੀਸ ਨੇ ਬੈਰੀਕੇਡ ਤੇ ਅੱਗ ਬੁਝਾਊ ਵਾਹਨ ਲਗਾ ਕੇ ਬੰਦ ਕਰ ਦਿੱਤੇ। ਕਿਸਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਜ਼ਿਲ੍ਹੇ ਭਰ ਤੋਂ ਕਿਸਾਨ ਤੇ ਬੀਬੀਆਂ ਵੱਡੀ ਗਿਣਤੀ ਵਿੱਚ ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਇਕੱਠੇ ਹੋਏ। ਉਨ੍ਹਾਂ ਜ਼ਿਲ੍ਹਾ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਜਸਵੀਰ ਸਿੰਘ ਬੁਰਜਸੇਮਾ ਦੀ ਅਗਵਾਈ ਵਿੱਚ ਗੈਸ ਪਾਈਪਲਾਈਨ ਦਾ ਕੰਮ ਬੰਦ ਕਰਵਾਉਣ ਲਈ ਖੇਤਾਂ ਵੱਲ ਚਾਲੇ ਪਾ ਦਿੱਤੇ।
ਪਿੰਡ ਦੇ ਬਾਹਰਵਾਰ ਨਾਕੇ ’ਤੇ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਕਿਸਾਨਾਂ ਨਾਲ ਗੱਲ ਕਰਨ ਲਈ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨ ਬਿਨਾਂ ਕੁਝ ਸੁਣੇ ਜਦੋਂ ਨਾਕਾ ਤੋੜਨ ਲੱਗੇ ਤਾਂ ਪੁਲੀਸ ਅਤੇ ਕਿਸਾਨਾਂ ਵਿੱਚ ਝੜਪ ਹੋ ਗਈ। ਕਿਸਾਨ ਪੁਲੀਸ ਰੋਕਾਂ ਹਟਾਉਂਦੇ ਹੋਏ ਖੇਤਾਂ ਵਿੱਚ ਦੀ ਅੱਗੇ ਵਧੇ। ਇਸ ਤੋਂ ਬਾਅਦ ਪੁਲੀਸ ਨੂੰ ਭਾਜੜ ਪੈ ਗਈ ਤੇ ਉਨ੍ਹਾਂ ਕਿਸਾਨਾਂ ਤੋਂ ਪਹਿਲਾਂ ਰਜਵਾਹੇ ’ਤੇ ਜਾ ਕੇ ਜੇਸੀਬੀ ਮਸ਼ੀਨ ਪੁਲ ਦੇ ਵਿਚਕਾਰ ਖੜ੍ਹੀ ਕਰਕੇ ਨਾਕਾ ਲਾ ਲਿਆ। ਕਿਸਾਨਾਂ ਅਤੇ ਪੁਲੀਸ ਦੀ ਇੱਥੇ ਵੀ ਹੱਥੋਪਾਈ ਹੋਈ ਤੇ ਕਿਸਾਨ ਨਾਕਾ ਤੋੜ ਕੇ ਗੈਸ ਪਾਈਪਲਾਈਨ ਦੇ ਚੱਲ ਰਹੇ ਕੰਮ ਕੋਲ ਪਹੁੰਚ ਗਏ। ਕਈ ਕਿਸਾਨ ਰਜਵਾਹੇ ਦੇ ਉਪਰ ਦੀ ਪਾਈਆਂ ਪਾਈਪਾਂ ਟੱਪ ਕੇ ਅੱਗੇ ਵਧਦੇ ਦੇਖੇ ਗਏ। ਕਿਸਾਨਾਂ ਦੇ ਵਿਰੋਧ ਕਾਰਨ ਕੰਪਨੀ ਨੂੰ ਕੰਮ ਵਿਚਾਲੇ ਬੰਦ ਕਰਕੇ ਮਸ਼ੀਨਾਂ ਵਾਪਸ ਲਿਜਾਣੀਆਂ ਪਈਆਂ। ਮਸਲੇ ਦੇ ਹੱਲ ਲਈ ਐੱਸਡੀਐੱਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਅਤੇ ਹੋਰ ਪੁਲੀਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ।
ਦੂਜੇ ਪਾਸੇ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸਬੋਧਨ ਕਰਦਿਆਂ ਕਿਹਾ ਕਿ ਕੰਪਨੀ, ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਪਾਈਪ ਲਾਈਨ ਪੀੜਤ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਸਮਝੌਤਾ ਹੋਇਆ ਸੀ। ਪਰ ਬਹੁਤੇ ਕਿਸਾਨਾਂ ਨੂੰ ਦੋ-ਢਾਈ ਲੱਖ ਰੁਪਏ ਹੀ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਕਿਸਾਨਾਂ ਨੂੰ ਬਰਾਬਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਚਾਹੇ ਕੰਪਨੀ ਆਪਣੀ ਮਸ਼ੀਨਰੀ ਵਾਪਸ ਲੈ ਗਈ ਪਰ ਕਿਸਾਨਾਂ ਦਾ ਧਰਨਾ ਜਾਰੀ ਸੀ।