Punjab News: ਜਲਾਲਾ ਦੀ ਸਿੰਚਾਈ ਨਹਿਰ ਨੇੜਿਓਂ ਸ਼ੱਕੀ ਹਾਲਤਾਂ ’ਚ ਨੌਜਵਾਨ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ,
ਮੁਕੇਰੀਆਂ, 11 ਫਰਵਰੀ
ਨੇੜਲੇ ਪਿੰਡ ਜਲਾਲਾ ਕੋਲ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਨੇੜਿਓਂ ਇੱਕ ਸਰਿੰਜ ਮਿਲੀ ਹੈ ਅਤੇ ਕਥਿਤ ਤੌਰ ’ਤੇ ਮ੍ਰਿਤਕ ਦੇ ਸਰੀਰ ’ਤੇ ਟੀਕਾ ਲੱਗਿਆ ਹੋਣ ਦਾ ਵੀ ਨਿਸ਼ਾਨ ਵੀ ਹੈ। ਰਾਜਪੂਤ ਸਭਾ ਦੇ ਆਗੂ ਬੈਨੀ ਮਿਨਹਾਸ ਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਮ੍ਰਿਤਕ ਦੀ ਮੌਤ ਨਸ਼ੇ ਨਾਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤੀ ਹੈ।
ਰਾਜਪੂਤ ਸਭਾ ਦੇ ਆਗੂ ਬੈਨੀ ਮਿਨਹਾਸ ਅਤੇ ਸਰਪੰਚ ਬਲਵਿੰਦਰ ਸਿੰਘ ਜਲਾਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੱਤੂਵਾਲ ਜਲਾਲਾ ਸੜਕ ਕਿਨਾਰੇ ਪੈਂਦੀ ਨਹਿਰ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੈ ਅਤੇ ਉਸਦੇ ਨੇੜੇ ਹੀ ਮੋਟਰ ਸਾਈਕਲ ਖੜ੍ਹਾ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਮ੍ਰਿਤਕ ਨੌਜਵਾਨ ਦੇ ਨੇੜੇ ਇੱਕ ਸਰਿੰਜ ਪਈ ਹੋਈ ਸੀ ਅਤੇ ਮ੍ਰਿਤਕ ਦੇ ਸਰੀਰ ਉੱਤੇ ਟੀਕਾ ਲੱਗਿਆ ਹੋਣ ਦਾ ਨਿਸ਼ਾਨ ਵੀ ਨਜ਼ਰ ਆ ਰਿਹਾ ਸੀ। ਜਿਸ ਤੋਂ ਖਦਸ਼ਾ ਹੈ ਕਿ ਮ੍ਰਿਤਕ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਹੋ ਸਕਦੀ ਹੈ। ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਏਐਸਆਈ ਸੁਖਦੇਵ ਸਿੰਘ ਨੇ ਮ੍ਰਿਤਕ ਦੀ ਲਾਸ਼ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾਇਆ ਹੈ।
ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਨੇੜਿਓਂ ਲੰਘਦੀ ਸਿੰਚਾਈ ਨਹਿਰ ਕਿਨਾਰੇ ਆਮ ਹੀ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਨਜ਼ਰ ਆਉਂਦੇ ਹਨ ਅਤੇ ਸੜਕ ਕਿਨਾਰੇ ਹੀ ਨੀਮ ਬੇਹੋਸ਼ ਹੋ ਕੇ ਡਿੱਗੇ ਰਹਿੰਦੇ ਹਨ। ਪਰ ਪੁਲੀਸ ਵਿਭਾਗ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਕਾਰਨ ਨਸ਼ਾ ਤਸਕਰਾਂ ’ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।
ਐਸਐਚਓ ਜੋਗਿੰਦਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਪੁਲੀਸ ਦੀ ਸ਼ਹਿ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲੀਸ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ ਅਤੇ ਪਿੰਡ ਘਸੀਟਪੁਰ ਦੇ ਦਰਜ਼ਨਾਂ ਨਸ਼ਾ ਤਸਕਰਾਂ ਨੂੰ ਜੇਲ੍ਹੀਂ ਡੱਕਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੇੜਿਓਂ ਪੁਲੀਸ ਨੂੰ ਕੋਈ ਸਰਿੰਜ ਆਦਿ ਨਹੀਂ ਮਿਲੀ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਲੱਗੇਗਾ। ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਨਸ਼ੇ ਦਾ ਕੁਨੈਕਸ਼ਨ ਸਾਹਮਣੇ ਆਇਆ ਤਾਂ ਸਬੰਧਿਤ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।