Punjab News: ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ’ਚ ਘੱਲੂਘਾਰਾ ਦਿਵਸ ਸਬੰਧੀ ਅਖੰਡ ਪਾਠ ਸਾਹਿਬ ਆਰੰਭ
ਜਥੇਦਾਰ ਗੜਗੱਜ ਨੇ ਖ਼ਾਲਸਾ ਪੰਥ ਵਿਚਕਾਰ ਏਕਤਾ, ਇਤਫ਼ਾਕ ਤੇ ਚੜ੍ਹਦੀ ਕਲਾ ਦੀ ਕੀਤੀ ਅਰਦਾਸ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 4 ਜੂਨ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਅੱਜ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਇਸ ਸਬੰਧੀ 6 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰ ਕੇ ਸਤਿਕਾਰ ਭੇਟ ਕੀਤਾ ਜਾਵੇਗਾ।
ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਤੇ ਅਰੰਭਤਾ ਦੀ ਅਰਦਾਸ ਉਨ੍ਹਾਂ ਖੁਦ ਕੀਤੀ। ਅਰਦਾਸ ਵਿੱਚ ਜਥੇਦਾਰ ਗੜਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਖ਼ਾਲਸਾ ਪੰਥ ਵਿਚਕਾਰ ਏਕਤਾ ਤੇ ਇਤਫ਼ਾਕ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਬੇਨਤੀ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਿੰਦਰ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਦਿਲਬਾਗ ਸਿੰਘ ਗ੍ਰੰਥੀ, ਹਰਦੇਵ ਸਿੰਘ ਨਿੱਜੀ ਸਹਾਇਕ, ਮੀਤ ਮੈਨੇਜਰ ਜਸਬੀਰ ਸਿੰਘ, ਹਰਪ੍ਰੀਤ ਸਿੰਘ ਸੂਚਨਾ ਅਫ਼ਸਰ, ਦਵਿੰਦਰ ਸਿੰਘ ਖਜ਼ਾਨਚੀ, ਹਰਜਿੰਦਰ ਸਿੰਘ ਭੈਣੀ, ਸਰਬਜੀਤ ਸਿੰਘ ਇੰਚਾਰਜ ਆਦਿ ਹਾਜ਼ਰ ਸਨ।