Punjab News: ਮੁੱਖ ਮੰਤਰੀ ਦੇ ਪਿੰਡ ’ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ 6 ਗ੍ਰਿਫ਼ਤਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਫਰਵਰੀ
Punjab News: ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੋਸ਼ ਵਿਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਕੋਲੋਂ ਨਾਅਰੇ ਲਿਖਣ ਮੌਕੇ ਵਰਤਿਆ ਮੋਟਰਸਾਈਕਲ, ਮੋਬਾਇਲ ਫੋਨ, ਪੇਂਟ ਸਪਰੇ ਕੇਨ ਅਤੇ ਕੇਸਰੀ ਰੰਗ ਦਾ ਝੰਡਾ (ਜਿਸ ਉਪਰ ਐਸਐਫਜੇ ਲਿਖਿਆ ਹੋਇਆ ਹੈ) ਬਰਾਮਦ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 12 ਫਰਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੀ ਲੋੜੀਂਦਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਐੱਸਪੀਡੀ ਪਲਵਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਫਰਵਰੀ ਨੂੰ ਥਾਣਾ ਧਰਮਗੜ੍ਹ ਵਿਖੇ ਸੂਚਨਾ ਦੇ ਅਧਾਰ ’ਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਸਤੌਜ ਵਿਚ ਖਾਲਿਸਤਾਨ ਅਤੇ ਹੋਰ ਨਾਅਰੇ ਲਿਖੇ ਹੋਏ ਹਨ ਅਤੇ ਇੱਕ ਕੇਸਰੀ ਰੰਗ ਦਾ ਝੰਡਾ (ਜਿਸ ’ਤੇ ਖਾਲਿਸਤਾਨ ਲਿਖਿਆ ਹੋਇਆ ਹੈ) ਲਗਾਇਆ ਗਿਆ ਸੀ । ਇਸ ਸਬੰਧੀ ਐਸਐਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਲੋਂ ਸੋੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਕੀਤੀ ਸੀ।
ਸ੍ਰੀ ਚੀਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਇਸ ਕੇਸ ਸਬੰਧੀ ਉਨ੍ਹਾਂ ਸਮੇਤ ਪ੍ਰਿੰਥਵੀ ਸਿੰਘ ਚਹਿਲ ਡੀਐੱਸਪੀ ਦਿੜਬਾ ਅਤੇ ਦਲਜੀਤ ਸਿੰਘ ਵਿਰਕ ਡੀਐਸਪੀ ਡੀ ਸੰਗਰੂਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਬਣਾਈਆਂ ਗਈਆ ਸਨ। ਅਧਿਕਾਰੀਆਂ ਨੇ ਤਫਤੀਸ਼ ਦੌਰਾਨ 6 ਮੁਲਜ਼ਮਾਂ ਜਗਰਾਜ ਸਿੰਘ ਉਰਫ਼ ਸੋਨੀ, ਗੁਰਮੀਤ ਸਿੰਘ ਉੋਰਫ਼ ਗਿੱਟੀ ਵਾਸੀ ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ, ਅੰਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ ਵਾਸੀ ਦੂਲੇਵਾਲ ਜ਼ਿਲ੍ਹਾ ਬਠਿੰਡਾ, ਬਲਜੀਤ ਸਿੰਘ ਉਰਫ਼ ਪ੍ਰਭੂ ਅਤੇ ਅਤਰਵੀਰ ਸਿੰਘ ਉਰਫ਼ ਅਤਰ ਵਾਸੀ ਚਾਉਕੇ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਵਿਦੇਸ਼ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂ ਪੰਜਾਬ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਜਿਹੇ ਗੈਰਕਾਨੂੰਨੀ ਕੰਮ ਕਰਨ ਲਈ ਉਕਸਾਉਂਦਾ ਹੈ, ਜਿਸਦਾ ਮੁੱਖ ਮੰਤਵ ਦੇਸ਼ ਵਿਚ ਅਸ਼ਾਂਤੀ ਤੇ ਸਹਿਮ ਫੈਲਾਉਣਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਇਹ ਕੰਮ ਸਿਰਫ਼ ਪੈਸੇ ਦੇ ਲਾਲਚ ਕਰਕੇ ਕੀਤਾ ਹੈ।