Punjab-Haryana Water Issue: ਬੀਬੀਐੱਮਬੀ ਦੀ ਮੀਟਿੰਗ ਤੋਂ ਦੂਰ ਰਹੇਗਾ ਪੰਜਾਬ
Punjab-Haryana Water Issue: Punjab to stay away from BBMB meeting scheduled to be held at 5 pm today
ਪੰਜਾਬ ਸਰਕਾਰ ਨੇ ਮੀਟਿੰਗ ਤੋਂ ਐਨ ਪਹਿਲਾਂ ਬੀਬੀਐੱਮਬੀ ਨੂੰ ਪੱਤਰ ਭੇਜ ਕੇ ਕੀਤੀ ਮੀਟਿੰਗ ਮੁਲਤਵੀ ਕਰਨ ਦੀ ਮੰਗ; ਅੱਜ ਸ਼ਾਮ 5 ਵਜੇ ਬੀਬੀਐੱਮਬੀ ਦੇ ਮੁੱਖ ਦਫ਼ਤਰ ਵਿਖੇ ਹੋਣੀ ਹੈ ਮੀਟਿੰਗ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਮਈ
Punjab-Haryana Water Issue: ਪੰਜਾਬ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੀ ਅੱਜ ਦੀ ਮੀਟਿੰਗ ’ਚ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਸਕੱਤਰ ਨੇ ਲੰਘੇ ਕੱਲ੍ਹ ਦਿੱਲੀ ਵਿਖੇ ਬੀਬੀਐੱਮਬੀ ਨੂੰ ਫ਼ੌਰੀ ਮੀਟਿੰਗ ਸੱਦਣ ਦੀ ਹਦਾਇਤ ਕੀਤੀ ਸੀ ਤਾਂ ਜੋ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਫ਼ੈਸਲੇ ਉਤੇ ਅਮਲੀ ਰੂਪ ਦੇਣ ਲਈ ਵਿਚਾਰ ਹੋ ਸਕੇ।
ਬੀਬੀਐੱਮਬੀ ਨੇ 2 ਮਈ ਦੀ ਦੇਰ ਸ਼ਾਮ ਹੀ ਮੀਟਿੰਗ ਤੈਅ ਕਰ ਦਿੱਤੀ ਸੀ। ਇਹ ਮੀਟਿੰਗ ਅੱਜ ਬੀਬੀਐੱਮਬੀ ਦੇ ਮੁੱਖ ਦਫ਼ਤਰ ਵਿਖੇ ਸ਼ਾਮ 5 ਵਜੇ ਹੋਣੀ ਹੈ।
ਪੰਜਾਬ ਸਰਕਾਰ ਨੇ ਮੀਟਿੰਗ ਤੋਂ ਐਨ ਪਹਿਲਾਂ ਬੀਬੀਐੱਮਬੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਇਸ ਮੀਟਿੰਗ ਨੂੰ ਮੁਲਤਵੀ ਕੀਤਾ ਜਾਵੇ। ਪੰਜਾਬ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 5 ਮਈ ਨੂੰ ਹੋ ਰਿਹਾ ਹੈ ਜਿਸ ਵਿੱਚ ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫ਼ੈਸਲੇ ਉਤੇ ਚਰਚਾ ਹੋਣੀ ਹੈ। ਸਮੁੱਚੀ ਸਟੇਟ ਮਸ਼ੀਨਰੀ ਇਸ ਸੈਸ਼ਨ ਦੀ ਤਿਆਰੀ ਵਿੱਚ ਜੁਟੀ ਹੋਈ ਹੈ, ਜਿਸ ਕਰਕੇ ਅੱਜ ਦੀ ਬੀਬੀਐੱਮਬੀ ਦੀ ਮੀਟਿੰਗ ਮੁਲਤਵੀ ਕੀਤੀ ਜਾਵੇ।
ਜਲ ਸਰੋਤ ਵਿਭਾਗ ਨੇ ਇਹ ਵੀ ਤਰਕ ਦਿੱਤਾ ਹੈ ਕਿ ਬੀਬੀਐੱਮਬੀ ਦੀ ਮੀਟਿੰਗ ਤੈਅ ਕਰਨ ਤੋਂ ਪਹਿਲਾਂ ਰੈਗੂਲੇਸ਼ਨ 1976 ਦੀ ਧਾਰਾ 7 ਤਹਿਤ ਸੱਤ ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ ਜਿਸ ਕਰਕੇ ਢੁਕਵੀਂ ਪ੍ਰਕਿਰਿਆ ਅਖ਼ਤਿਆਰ ਕੀਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਬੀਬੀਐੱਮਬੀ ਪੰਜਾਬ ਸਰਕਾਰ ਦੀ ਅਪੀਲ ਦੇ ਮੱਦੇਨਜ਼ਰ ਕੀ ਫ਼ੈਸਲਾ ਲੈਂਦਾ ਹੈ।