Punjab Haryana High Court ਹਰਮੀਤ ਸਿੰਘ ਗਰੇਵਾਲ ਤੇ ਦੀਪਿੰਦਰ ਸਿੰਘ ਨਲਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਜੱਜ ਨਿਯੁਕਤ
ਸੌਰਭ ਮਲਿਕ
ਚੰਡੀਗੜ੍ਹ, 12 ਫਰਵਰੀ
ਰਾਸ਼ਟਰਪਤੀ ਨੇ ਐਡਵੋਕੇਟ ਹਰਮੀਤ ਸਿੰਘ ਗਰੇਵਾਲ ਤੇ ਦੀਪਿੰਦਰ ਸਿੰਘ ਨਲਵਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ (ਵਧੀਕ) ਜੱਜ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਸਾਲ ਪਹਿਲਾਂ ਉਨ੍ਹਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ।
ਸੁਪਰੀਮ ਕੋਰਟ ਨੇ ਅਕਤੂਬਰ 2023 ਵਿਚ ਕੁੱਲ ਮਿਲਾ ਕੇ ਪੰਜ ਵਕੀਲਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ, ਜਿਨ੍ਹਾਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਤਰੱਕੀ ਦਿੱਤੀ ਜਾਣੀ ਸੀ। ਕੇਂਦਰ ਸਰਕਾਰ ਨੇ 2 ਨਵੰਬਰ 2023 ਨੂੰ ਇਨ੍ਹਾਂ ਵਿਚੋਂ ਤਿੰਨ ਵਕੀਲਾਂ ਸੁਮੀਤ ਗੋਇਲ, ਸੁਦੀਪਤੀ ਸ਼ਰਮਾ ਤੇ ਕੀਰਤੀ ਸਿੰਘ ਦੀ ਨਿਯੁਕਤੀ ਨੋਟੀਫਾਈ ਕਰ ਦਿੱਤੀ ਜਦੋਂਕਿ ਗਰੇਵਾਲ ਤੇ ਨਲਵਾ ਦੀ ਨਿਯੁਕਤੀ ਸਬੰਧੀ ਕੌਲਿਜੀਅਮ ਦੀ ਸਿਫ਼ਾਰਸ਼ ਨੂੰ ਦੱਬੀ ਰੱਖਿਆ।
ਸੁਪਰੀਮ ਕੋਰਟ ਕੌਲਿਜੀਅਮ ਨੇ ਐਡਵੋਕੇਟ ਰੋਹਿਤ ਕਪੂਰ ਨੂੰ ਵੀ ਜੱਜ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਕਪੂਰ ਦਾ ਨਾਮ ਅਸਲ ਵਿੱਚ 21 ਅਪਰੈਲ, 2023 ਨੂੰ ਹਾਈ ਕੋਰਟ ਕੌਲਿਜੀਅਮ ਵੱਲੋਂ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਮੰਤਰੀ ਅਤੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਦੋਵਾਂ ਦੀ ਸਹਿਮਤੀ ਸੀ। ਇਸ ਦੇ ਬਾਵਜੂਦ ਨਿਯੁਕਤੀ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਚੀਫ਼ ਜਸਟਿਸ ਸ਼ੀਲ ਨਾਗੂ ਸ਼ਨਿੱਚਰਵਾਰ (ਵੀਕੈਂਡ) ਤੋਂ ਪਹਿਲਾਂ ਦੋਵਾਂ ਵਕੀਲਾਂ ਨੂੰ ਹਾਈ ਕੋਰਟ ਦੇ ਜੱਜ ਵਜੋਂ ਹਲਫ਼ ਦਿਵਾਉਣਗੇ। ਇਨ੍ਹਾਂ ਦੋ ਨਵੀਆਂ ਨਿਯੁਕਤੀਆਂ ਨਾਲ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ 53 ਹੋ ਜਾਵੇਗੀ, ਜੋ ਅਜੇ ਵੀ ਕੁੱਲ ਨਫ਼ਰੀ ਤੋਂ 32 ਜੱਜ ਘੱਟ ਹਨ। ਹਾਈ ਕੋਰਟ ਦੀ ਪ੍ਰਵਾਨਿਤ ਨਫ਼ਰੀ 85 ਹੈ ਤੇ ਤਿੰਨ ਜੱਜ ਇਸ ਸਾਲ ਸੇਵਾਮੁਕਤ ਹੋ ਰਹੇ ਹਨ।