ਵਿਰਾਸਤੀ ਖੇਡਾਂ ਨੂੰ ਸੁਰਜੀਤ ਕਰੇਗੀ ਪੰਜਾਬ ਸਰਕਾਰ: ਸੌਂਦ
ਘੋਡ਼ਸਵਾਰੀ ਮੇਲੇ ਵਿੱਚ ਵੱਖ-ਵੱਖ ਮੁਕਾਬਲੇ; ਮੰਤਰੀ ਵੱਲੋਂ ਜੇਤੂਆਂ ਦਾ ਸਨਮਾਨ
ਬਲਾਕ ਮਾਜਰੀ ਦੇ ਪਿੰਡ ਪੱਲ੍ਹਣਪੁਰ ਵਿੱਚ ਪੰਜਾਬ ਘੋੜਸਵਾਰੀ ਉਤਸਵ ਦੇ ਪਹਿਲੇ ਦਿਨ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਮੰਤਰੀ ਨੇ ਪੰਜਾਬ ਦੇ ਅਮੀਰ ਸੱਭਿਆਚਾਰਕ ਅਤੇ ਘੋੜਸਵਾਰੀ ਜਿਹੀਆਂ ਵਿਰਾਸਤੀ ਖੇਡਾਂ ਨੂੰ ਸੁਰਜੀਤ ਕਰਨ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਘੋੜਸਵਾਰੀ ਲੰਬੇ ਸਮੇਂ ਤੋਂ ਪੰਜਾਬ ਦੀ ਪਛਾਣ ਤੇ ਅਨਿੱਖੜਵਾਂ ਅੰਗ ਹੈ। ਸਰਕਾਰ ਦਾ ਦ੍ਰਿਸ਼ਟੀਕੋਣ ਪੰਜਾਬ ਦੇ ਸ਼ਾਨਦਾਰ ਅਤੀਤ ਨੂੰ ਬਰਕਰਾਰ ਰੱਖ ਕੇ ਵਿਰਾਸਤੀ ਖੇਡਾਂ ਲਈ ਵਿਸ਼ਵ ਪੱਧਰੀ ਮੰਚ ਤਿਆਰ ਕਰਨਾ ਹੈ। ਪੰਜਾਬ ਘੋੜਸਵਾਰੀ ਉਤਸਵ ਵਰਗੇ ਸਮਾਗਮ ਰਾਜ ਦੇ ਸੱਭਿਆਚਾਰਕ ਪਹਿਲੂ ਨੂੰ ਮਜ਼ਬੂਤ ਕਰਨ, ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਉੱਭਰਦੇ ਘੋੜ ਸਵਾਰਾਂ ਨੂੰ ਰਾਸ਼ਟਰੀ ਪੱਧਰ ਦਾ ਮੰਚ ਮੁਹੱਈਆ ਕਰਵਾਉਂਦੇ ਹਨ। ਮੇਲੇ ਦੇ ਪਹਿਲੇ ਦਿਨ ਗਰੁੁੱਪ ਇੱਕ ਦੇ ਓਪਨ 90 ਸੀ ਐੱਮ ਮੁਕਾਬਲੇ ’ਚ ਮਯੰਕ ਨੂੰ ਪਹਿਲਾ, ਬਲਰਾਜ ਨੂੰ ਦੂਜਾ ਤੇ ਸੰਦੀਪ ਨੂੰ ਕ੍ਰਮਵਾਰ ਤੀਜਾ ਸਥਾਨ ਮਿਲਿਆ। ਰਿਲੇਅ ਵਿੱਚ ਦੀਆ ਸ਼ਰਮਾ, ਸਮਰਵੀਰ ਸਿੰਘ ਤੇ ਜ਼ੋਰਾਵਰ ਸਿੰਘ, ਗਰੁੱਪ ਦੋ ਓਪਨ ਸੀ ਐਮ ਵਿੱਚ ਰੁਦਰ ਨਹਿਰਾ, ਅਕਸ਼ਪ੍ਰੀਤ ਸਿੰਘ ਤੇ ਮਨਕੀਰਤ ਸਿੰਘ, ਗਰੁੱਪ ਤਿੰਨ ਦੇ ਓਪਨ ਰਿਲੇਅ ਵਿੱਚ ਸੁਦੀਪ, ਜ਼ੋਰਵਾਰ ਤੇ ਦਿਵਜੋਤ ਕੌਰ, ਗਰੁੱਪ ਤਿੰਨ ਓਪਨ ਸੀ ਐੱਮ ਵਿੱਚ ਉਗਮ ਸਿੰਘ, ਰੁਬਾਇਤ ਤੇ ਇੰਦਰਬੀਰ ਸਿੰਘ, ਗਰੁੱਪ ਇੱਕ ਡਰੈਸੇਜ਼ ਵਿੱਚ ਦਿਵਿਆ ਸ਼ਰਮਾ, ਉਪਿੰਦਰ ਤੇ ਸ਼ਿਵਾਂਕ, ਗਰੁੱਪ ਦੋ ਡਰੈਸੇਜ਼ ਵਿੱਚ ਦਿਵਜੋਤ ਕੌਰ, ਰੁਦਰ ਤੇ ਰੁਬਾਇਤ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐੱਸ ਡੀ ਐੱਮ ਖਰੜ ਦਿੱਵਿਆ ਪੀ, ਸਾਬਕਾ ਵਿਧਾਇਕ ਤੇ ‘ਆਪ’ ਦੇ ਐੱਸ ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗੜਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

