ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਸਰਕਾਰ 19 ਤੋਂ 25 ਨਵੰਬਰ ਤੱਕ ਮਨਾਵੇਗੀ ਸ਼ਹੀਦੀ ਦਿਹਾੜਾ

ਗੁਰੂ ਤੇਗ ਬਹਾਦਰ ਨੂੰ ਸਮਰਪਿਤ ਕੱਢੀਆਂ ਜਾਣਗੀਆਂ ਚਾਰ ਯਾਤਰਾਵਾਂ; ਲਾਈਟ ਐਂਡ ਸਾਊਂਡ ਸ਼ੋਅ ਕਰਵਾਉਣ ਦਾ ਫੈ਼ਸਲਾ
ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।
Advertisement

ਪੰਜਾਬ ਸਰਕਾਰ ਵੱਲੋਂ 19 ਤੋਂ 25 ਨਵੰਬਰ ਤੱਕ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸ਼ਹੀਦੀ ਦਿਹਾੜੇ ਮੌਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਮੁੱਖ ਕੇਂਦਰ ਸ੍ਰੀ ਆਨੰਦਪੁਰ ਸਾਹਿਬ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਦੀਆਂ ਚਾਰ ਦਿਸ਼ਾਵਾਂ ਤੋਂ ਚਾਰ ਯਾਤਰਾਵਾਂ ਕੱਢੀਆਂ ਜਾਣਗੀਆਂ, ਜਿਨ੍ਹਾਂ ਦੀ ਸਮਾਪਤੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਵੇਗੀ। ਇਸ ਦੌਰਾਨ 21 ਨਵੰਬਰ ਤੋਂ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੀ ਇਤਿਹਾਸਕ ਧਰਤੀ ਤੋਂ ਯਾਤਰਾ ਕੱਢੀ ਜਾਵੇਗੀ, ਜੋ ਪਠਾਨਕੋਟ ਤੇ ਹੁਸ਼ਿਆਰਪੁਰ ਤੋਂ ਗੁਜ਼ਰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਇਸੇ ਤਰ੍ਹਾਂ ਦੂਜੀ ਯਾਤਰਾ ਗੁਰਦਾਸਪੁਰ ਤੋਂ ਕੱਢੀ ਜਾਵੇਗੀ ਜੋ ਬਾਬਾ ਬਕਾਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਜਲੰਧਰ ਤੋਂ ਗੁਜ਼ਰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ। ਤੀਜੀ ਯਾਤਰਾ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਮੋਗਾ ਤੇ ਲੁਧਿਆਣਾ ਤੋਂ ਗੁਜ਼ਰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਇਸੇ ਤਰ੍ਹਾਂ ਚੌਥੀ ਯਾਤਰਾ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਫ਼ਰੀਦਕੋਟ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਅਤੇ ਪਟਿਆਲਾ ਦੇ ਇਤਿਹਾਸਕ ਨਗਰਾਂ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਮਾਪਤ ਹੋਵੇਗੀ।

ਸ੍ਰੀ ਮਾਨ ਨੇ ਕਿਹਾ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਲਾਮਿਸਾਲ ਕੁਰਬਾਨੀ ’ਤੇ ਅਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਅਤੇ ਕਵੀ ਦਰਬਾਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ 23 ਨਵੰਬਰ ਨੂੰ ਅਖੰਡ ਪਾਠ ਸ਼ੁਰੂ ਹੋਣਗੇ ਤੇ 25 ਨਵੰਬਰ ਨੂੰ ਸਮਾਪਤੀ ਹੋਵੇਗੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਟਿੰਗ ਉਪਰੰਤ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਨੂੰ ‘ਵਾਈਟ ਸਿਟੀ’ ਵਜੋਂ ਵਿਕਸਤ ਕੀਤਾ ਜਾਵੇਗਾ।

Advertisement

ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਸਮਾਗਮ ਕਰਨਾ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼: ਧਾਮੀ

ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਪੰਜਾਬ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ ’ਤੇ ਸਰਕਾਰੀ ਪੱਧਰ ’ਤੇ ਸਮਾਗਮ ਕਰਵਾਏ ਜਾਣ ਦੇ ਐਲਾਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹਾ ਕਰਨਾ ਸ਼ਤਾਬਦੀਆਂ ਦੇ ਇਤਿਹਾਸਕ ਸਮੇਂ ’ਤੇ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਮੁੱਖ ਕੰਮ ਸੰਗਤ ਦੀ ਸਹੂਲਤ ਲਈ ਪ੍ਰਬੰਧ ਕਰਨਾ ਹੈ, ਨਾ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨੀ।

Advertisement