ਪੰਜਾਬ ਸਰਕਾਰ ਨੇ ਮਾਈਨਿੰਗ ਸ਼ੁਰੂ ਕਰਨ ਲਈ ਸੁਝਾਅ ਮੰਗੇ
ਲੋਕਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ, ਸੰਘਰਸ਼ ਦੀ ਚਿਤਾਵਨੀ; ਮਾਈਨਿੰਗ ਕਾਰਨ ਦਰਿਆ ਕਮਜ਼ੋਰ ਹੋਣ ਦਾ ਹਵਾਲਾ
ਸੰਜੀਵ ਬੱਬੀ
ਪੰਜਾਬ ਸਰਕਾਰ ਵੱਲੋਂ ਪਿੰਡ ਦਾਊਦਪੁਰ ਅਤੇ ਫੱਸਿਆਂ ਵਿੱਚ ਮੁੜ ਤੋਂ ਮਾਈਨਿੰਗ ਸ਼ੁਰੂ ਕਰਨ ਲਈ ਸੁਝਾਅ ਮੰਗਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦਾ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਅਤੇ ਹੋਰ ਵਾਤਾਵਰਨ ਪ੍ਰੇਮੀਆਂ ਨੇ ਸਖ਼ਤ ਵਿਰੋਧ ਕੀਤਾ ਹੈ।
ਇਸ ਦੇ ਵਿਰੋਧ ’ਚ ਆਗੂਆਂ ਨੇ ਇਲਾਕਾ ਵਾਸੀਆਂ ਨੂੰ ਸੰਘਰਸ਼ ਲਈ ਸੱਦਾ ਦਿੱਤਾ ਹੈ। ਇਸ ਸਬੰਧੀ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਰੂਪਨਗਰ ਦਫ਼ਤਰ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪਿੰਡ ਦਾਊਦਪੁਰ ਤੇ ਫੱਸਿਆਂ ਨੇੜੇ ਸਤਲੁਜ ਦਰਿਆ ਵਿੱਚ ਰੇਤੇ ਦਾ ਸਰਕਾਰੀ ਟੱਕ ਚਲਾਉਣ ਲਈ ਸੁਝਾਅ ਅਤੇ ਇਤਰਾਜ਼ ਮੰਗੇ ਗਏ ਹਨ।
ਮੋਰਚੇ ਦੇ ਆਗੂਆਂ ਨੇ ਇਸ ਸਬੰਧੀ ਸਪੱਸ਼ਟ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਦਾਊਦਪੁਰ ਅਤੇ ਫੱਸਿਆਂ ਵਿੱਚ ਸਤਲੁਜ ਦਰਿਆ ਦੇ ਬੰਨ੍ਹ ਵਿੱਚ ਖ਼ਾਰ ਪੈਣ ਕਾਰਨ ਬੰਨ੍ਹ ਟੁੱਟਣ ਦੇ ਕਿਨਾਰੇ ਪਹੁੰਚ ਗਿਆ ਸੀ, ਜਿਸ ਨੂੰ ਬਚਾਉਣ ਲਈ ਇਲਾਕੇ ਦੇ ਨੌਜਵਾਨਾਂ ਅਤੇ ਫ਼ੌਜ ਨੇ ਦਿਨ ਰਾਤ ਮਿੱਟੀ ਅਤੇ ਮਿੱਟੀ ਦੇ ਥੈਲੇ ਲਗਾ ਕੇ ਬੰਨ੍ਹ ਟੁੱਟਣ ਤੋਂ ਬਚਾਇਆ।
ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਦਾਊਦਪੁਰ ਅਤੇ ਫੱਸਿਆਂ ਦੇ ਬੰਨ੍ਹ ਦੇ ਜੋ ਟੁੱਟਣ ਵਾਲੇ ਹਾਲਾਤ ਬਣੇ ਹੋਏ ਸਨ, ਉਹ ਇੱਥੇ ਬੀਤੇ ਕਈ ਸਾਲਾਂ ਤੋਂ ਚੱਲਦੀ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਹੀ ਬਣੇ ਸਨ।
ਉਨ੍ਹਾਂ ਕਿਹਾ ਕਿ ਮਾਈਨਿੰਗ ਕਾਰਨ ਹੀ ਦਰਿਆ ਕਮਜ਼ੋਰ ਹੋ ਰਹੇ ਹਨ, ਜਿਸ ਨਾਲ ਹੜ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਦਰਿਆ ਦੇ ਬੰਨ੍ਹਾਂ ਨੂੰ ਕਮਜ਼ੋਰ ਕਰਨ ਵਾਲੀ ਮਾਈਨਿੰਗ ਕਰਨ ਲਈ ਸਰਕਾਰ ਨੂੰ ਆਗਿਆ ਨਹੀਂ ਦਿੱਤੀ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਲੋਕਾਂ ਵੱਲੋਂ ਲਗਾਏ ਗਏ ਬੰਨ੍ਹ ਦੇ ਨਾਲ ਲੱਗਦੀ ਜ਼ਮੀਨ ਵਿੱਚ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਸਬੰਧੀ ਸੰਘਰਸ਼ ਕਰਨਗੇ।
ਲੋਕਾਂ ਦੇ ਸੁਝਾਅ ਤਹਿਤ ਤਿਆਰ ਹੋਵੇਗੀ ਰਿਪੋਰਟ: ਐੱਸ ਡੀ ਐੱਮ
ਜਦੋ ਇਸ ਸਬੰਧੀ ਐੱਸ ਡੀ ਐੱਮ ਅਮਰੀਕ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਦਰਿਆ ਵਿੱਚ ਉਕਤ ਥਾਵਾਂ ’ਤੇ ਨਿਰੀਖਣ ਕੀਤਾ ਗਿਆ ਹੈ, ਅਤੇ ਨੇੜਲੇ ਪਿੰਡਾਂ ਦੇ ਲੋਕ ਜੋ ਵੀ ਸੁਝਾਅ ਦੇਣਗੇ ਉਨ੍ਹਾਂ ਤਹਿਤ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।