ਪੰਜਾਬ ਸਰਕਾਰ ਨੇ ਖੰਘ ਦੇ ਸੀਰਪ ਦੀ ਵਿਕਰੀ ’ਤੇ ਲਗਾਈ ਪਾਬੰਦੀ
ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਵਿੱਚ 14 ਬੱਚਿਆਂ ਦੀ ਮੌਤ ਤੋਂ ਬਾਅਦ 'ਕੋਲਡਰਿਫ' (Coldrif) ਖੰਘ ਦੇ ਸੀਰਪ ਦੀ ਵਿਕਰੀ, ਵੰਡ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਅਨੁਸਾਰ ਇਹ ਮੌਤਾਂ ਦੂਸ਼ਿਤ ਦਵਾਈ ਦੇ ਸੇਵਨ ਕਾਰਨ ਹੋਈਆਂ ਸਨ। ਸੋਮਵਾਰ...
ਸੋਮਵਾਰ ਨੂੰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.), ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਦੀ ਡਰੱਗਜ਼ ਟੈਸਟਿੰਗ ਲੈਬਾਰਟਰੀ ਅਤੇ ਐੱਫ.ਡੀ.ਏ. ਦੇ ਸਰਕਾਰੀ ਵਿਸ਼ਲੇਸ਼ਕ ਵੱਲੋਂ 'ਕੋਲਡਰਿਫ' ਸੀਰਪ ਨੂੰ Not of Standard Quality ਘੋਸ਼ਿਤ ਕੀਤਾ ਗਿਆ ਹੈ।
ਇਹ ਦਵਾਈ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਸੁੰਗੂਵਰਛਤਰਮ (ਮਥੁਰਾ) ਵਿਖੇ ਸ੍ਰੇਸਨ ਫਾਰਮਾਸਿਊਟੀਕਲ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਇਸ ਦਾ ਬੈਚ ਨੰਬਰ SR-13 ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ਉਪਰੋਕਤ ਦਵਾਈ ਦੇ ਫਾਰਮੂਲੇ ਵਿੱਚ ਮਿਲਾਵਟ ਹੋਣ ਦੀ ਖ਼ਬਰ ਹੈ, ਕਿਉਂਕਿ ਇਸ ਵਿੱਚ ਡਾਇਥਾਈਲੀਨ ਗਲਾਈਕੋਲ (Diethylene Glycol) (46.28 ਪ੍ਰਤੀਸ਼ਤ w/v) ਹੈ, ਜੋ ਇਸ ਨੂੰ ਸਿਹਤ ਲਈ ਹਾਨੀਕਾਰਕ ਬਣਾਉਂਦਾ ਹੈ।"
ਪੰਜਾਬ ਐੱਫ.ਡੀ.ਏ. ਦੇ ਆਦੇਸ਼ ਵਿੱਚ ਕਿਹਾ ਗਿਆ ਹੈ, ‘‘ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕਿਉਂਕਿ ਇਸ ਉਤਪਾਦ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈਆਂ ਬੱਚਿਆਂ ਦੀਆਂ ਮੌਤਾਂ ਨਾਲ ਜੋੜਿਆ ਗਿਆ ਹੈ, ਇਸ ਲਈ ਜਨਤਕ ਹਿੱਤ ਵਿੱਚ ਉਪਰੋਕਤ ਉਤਪਾਦ ਨੂੰ ਪੰਜਾਬ ਰਾਜ ਵਿੱਚ ਵਿਕਰੀ, ਵੰਡ ਅਤੇ ਵਰਤੋਂ ਲਈ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਮਨਾਹੀ ਕੀਤੀ ਜਾਂਦੀ ਹੈ।’’
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਸਾਰੇ ਪ੍ਰਚੂਨ ਵਿਕਰੇਤਾ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ ਅਤੇ ਸਿਹਤ ਸੰਭਾਲ ਸੰਸਥਾਵਾਂ ਆਦਿ ਇਸ ਉਤਪਾਦ ਨੂੰ ਨਾ ਖਰੀਦਣ, ਨਾ ਵੇਚਣ ਅਤੇ ਨਾ ਹੀ ਇਸਦੀ ਵਰਤੋਂ ਕਰਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜੇਕਰ ਦਵਾਈ ਦਾ ਕੋਈ ਵੀ ਸਟਾਕ ਰਾਜ ਵਿੱਚ ਉਪਲਬਧ ਹੈ, ਤਾਂ ਇਸਦੀ ਜਾਣਕਾਰੀ ਐਫ.ਡੀ.ਏ. (ਡਰੱਗਜ਼ ਵਿੰਗ) ਨੂੰ ਦਿੱਤੀ ਜਾਵੇ।