PUNJAB FLOODS: ਰਾਜਪਾਲ ਵੱਲੋਂ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਸ਼ਾਮ ਨੂੰ ਮਾਧੋਪੁਰ ਹੈਡਵਰਕਸ ਵਿਖੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਪਹਿਲਾਂ ਉਹ ਰਾਵੀ ਦਰਿਆ ਤੇ ਬਣਾਏ ਗਏ ਕਥਲੌਰ ਪੁਲ ’ਤੇ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਪੁਨਰਵਾਸ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਜਪਾਲ ਦਾ ਧਿਆਨ ਕਥਲੌਰ ਪੁਲ ਕੋਲ ਰਾਵੀ ਦਰਿਆ ਵਿੱਚ ਹੜ੍ਹ ਦੇ ਪਾਣੀ ਨਾਲ ਟੁੱਟ ਗਏ ਧੁੱਸੀ ਬੰਨ੍ਹ ਵੱਲ ਦਿਵਾਇਆ ਕਿ ਇਹ ਧੁੱਸੀ ਬੰਨ੍ਹ ਕਥਲੌਰ ਪੁਲ ਤੋਂ ਲੈ ਕੇ ਕਠਿਆਲਪੁਰਾ ਤੱਕ ਛੇ ਕਿਲੋਮੀਟਰ ਦਾ ਬਣਵਾਇਆ ਜਾਵੇ। ਇਸ ਦੇ ਬਣਨ ਨਾਲ ਜਿੱਥੇ ਲੋਕ ਸੁਰੱਖਿਅਤ ਹੋਣਗੇ, ਉੱਥੇ ਪਾਕਿਸਤਾਨ ਦਾ ਬਾਰਡਰ ਵੀ ਬਿਲਕੁਲ ਨੇੜੇ ਹੋਣ ਕਰਕੇ ਸਾਡੀ ਬੀਐਸਐਫ ਅਤੇ ਆਰਮੀ ਨੂੰ ਵੀ ਫਾਇਦਾ ਹੋਵੇਗਾ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਵੱਖ-ਵੱਖ ਯੋਜਨਾਵਾਂ ਦੇ ਜੋ 60 ਹਜ਼ਾਰ ਕਰੋੜ ਰੁਪਏ ਡੱਕੇ ਹੋਏ ਹਨ, ਉਹ ਰਿਲੀਜ਼ ਕਰਵਾਏ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਰਾਜਪਾਲ ਨੂੰ ਰਾਵੀ ਦਰਿਆ ਦੇ ਵਧੇ ਪਾਣੀ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੈਨਾ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਡਰੋਨ ਦੀ ਮਦਦ ਨਾਲ ਦਰਿਆ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਸਮੇਂ ’ਤੇ ਨਜਿੱਠਿਆ ਜਾ ਸਕੇ। ਜਦੋਂ ਕਿ ਡੈਮ ਦੇ ਮਾਹਿਰ ਇੰਜੀਨੀਅਰਾਂ ਨੇ ਰਾਜਪਾਲ ਨੂੰ ਰਣਜੀਤ ਸਾਗਰ ਡੈਮ ਵਿੱਚ ਹਿਮਾਚਲ ਦੀ ਤਰਫੋਂ ਆਏ ਵਾਧੂ ਪਾਣੀ ਅਤੇ ਮਾਧੋਪੁਰ ਹੈਡਵਰਕਸ ਤੋਂ ਛੱਡੇ ਜਾ ਰਹੇ ਪਾਣੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਬਾਅਦ ਵਿੱਚ ਰਾਜਪਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਜਿਲ੍ਹਾ ਪ੍ਰਸ਼ਾਸਨ, ਸੈਨਾ ਦੇ ਅਧਿਕਾਰੀਆਂ ਅਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੇ ਗਏ ਕਾਰਜਾਂ ਦਾ ਰੀਵਿਓ ਕੀਤਾ।