Punjab Floods: ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ; ਕੇਂਦਰ ਤੋਂ ‘ਰਾਹਤ ਪੈਕੇਜ’ ਦੀ ਮੰਗ ਕੀਤੀ
Punjab Floods: ਗ੍ਰਹਿ ਮੰਤਰੀ ਵੱਲੋਂ ਪਹਿਲੇ ਵਿੱਤੀ ਪੈਕੇਜ ਨੂੰ ‘ਟੋਕਨ ਮਨੀ’ ਦੱਸਦਿਆਂ ਹੋਰ ਕੇਂਦਰੀ ਮਦਦ ਦੇਣ ਦਾ ਵਾਅਦਾ
Punjab Floods: ਮੁੱਖ ਮੰਤਰੀ ਭਗਵੰਤ ਮਾਨ ਨੇ ਭਿਆਨਕ ਹੜ੍ਹਾਂ ਦੀ ਮਾਰ ਚੋਂ ਪੰਜਾਬ ਨੂੰ ਉਭਾਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਕੇਂਦਰੀ ਨਿਯਮਾਂ ’ਚ ਸੋਧ ਦੀ ਮੰਗ ਕੀਤੀ।
ਉਨ੍ਹਾਂ ਚਾਲੂ ਸੀਜ਼ਨ ’ਚ ਝੋਨੇ ਦੀ ਫ਼ਸਲ ਦੀ ਖ਼ਰੀਦ ਦੇ ਮਾਪਦੰਡਾਂ ’ਚ ਸੋਧ ਤੋਂ ਇਲਾਵਾ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਦੇ ਮਸਲੇ ਉਠਾਏ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਕੀਤੀ 25 ਮਿੰਟ ਦੀ ਮੀਟਿੰਗ ’ਚ ਪੰਜਾਬ ’ਚ ਹੜ੍ਹਾਂ ਦੀ ਤਬਾਹੀ ਦੇ ਭਿਆਨਕ ਦ੍ਰਿਸ਼ ਤੇ ਨੁਕਸਾਨ ਤੋਂ ਜਾਣੂ ਕਰਾਇਆ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਕਾਫ਼ੀ ਆਸਵੰਦ ਨਜ਼ਰ ਆਏ। ਉਨ੍ਹਾਂ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਣ ਦੀ ਗੱਲ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ 1600 ਕਰੋੜ ਦੇ ਐਲਾਨੇ ਰਾਹਤ ਪੈਕੇਜ ਤੋਂ ਇਲਾਵਾ ਹੋਰ ਕੇਂਦਰੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਪਹਿਲੇ ਵਿੱਤੀ ਪੈਕੇਜ ਨੂੰ ‘ਟੋਕਨ ਮਨੀ’ ਦੱਸਦਿਆਂ ਹੋਰ ਕੇਂਦਰੀ ਮਦਦ ਦੇਣ ਦਾ ਵਾਅਦਾ ਵੀ ਕੀਤਾ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਸੰਕਟ ਦੀ ਘੜੀ ’ਚ ਪੰਜਾਬ ਨਾਲ ਖੜੇਗਾ ਕਿਉਂਕਿ ਪੰਜਾਬ ਹਮੇਸ਼ਾ ਹੀ ਔਖ ਦੇ ਵੇਲਿਆਂ ’ਚ ਦੇਸ਼ ਨਾਲ ਖੜ੍ਹਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਹੜ੍ਹ ਪੀੜਤਾਂ ਨੂੰ ਮਿਲਣ ਦਾ ਸਮਾਂ ਨਹੀਂ ਜਦੋਂ ਕਿ ਬਿਹਾਰ ਨੂੰ ਸੌਗਾਤਾਂ ਦਿੱਤੀਆਂ ਜਾ ਰਹੀਆਂ ਹਨ। ਹੜ੍ਹਾਂ ਦੀ ਤਬਾਹੀ ਬਾਰੇ ਪੰਜਾਬ ਸਰਕਾਰ ਤਰਫ਼ੋਂ ਆਪਣਾ ਪੱਖ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖ ਦਿੱਤਾ ਹੈ ਅਤੇ ਹੁਣ ਫ਼ੈਸਲਾ ਕੇਂਦਰ ਦੇ ਹੱਥ ਹੈ।
ਚੇਤੇ ਰਹੇ ਕਿ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਮੰਗਿਆ ਗਿਆ ਸੀ ਜਿਸ ਨੂੰ ਲੈ ਕੇ ਹਾਕਮ ਧਿਰ ਨੇ ਲੰਘੇ ਵਿਧਾਨ ਸਭਾ ਦੇ ਸੈਸ਼ਨ ’ਚ ਇਹ ਮੁੱਦਾ ਵੀ ਚੁੱਕਿਆ ਸੀ। ਮੁੱਖ ਮੰਤਰੀ ਨੇ ਮੁੱਖ ਰੂਪ ’ਚ ਅੱਜ ਮੀਟਿੰਗ ਦੌਰਾਨ ਮੁਆਵਜ਼ਾ ਰਾਸ਼ੀ ’ਚ ਬੜ੍ਹੌਤਰੀ ਲਈ ਕੇਂਦਰ ਤੋਂ ਐੱਸ.ਡੀ.ਆਰ. ਐੱਫ਼. /ਐਨ.ਡੀ.ਆਰ.ਐੱਫ਼. ਦੇ ਨਿਯਮਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ।
ਉਨ੍ਹਾਂ ਜਾਨੀ ਮਾਲੀ ਨੁਕਸਾਨ ਤੋਂ ਇਲਾਵਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਵੱਜੀ ਸੱਟ ਤੋਂ ਵੀ ਜਾਣੂ ਕਰਾਇਆ। ਉਨ੍ਹਾਂ ਹੜ੍ਹਾਂ ਤੋਂ ਨੁਕਸਾਨ 20 ਹਜ਼ਾਰ ਕਰੋੜ ਤੱਕ ਪੁੱਜਣ ਦੀ ਗੱਲ ਰੱਖੀ।