ਪੁਰਾਣੀ ਪ੍ਰਸ਼ਨ ਪੱਤਰ ਪ੍ਰਣਾਲੀ ਬਦਲੇਗਾ ਪੰਜਾਬ ਸਿੱਖਿਆ ਬੋਰਡ
ਰੱਟੇ ਦੀ ਥਾਂ ਵਿਦਿਆਰਥੀਆਂ ਦੀ ਸਮਝ ਸਮਰੱਥਾ ਵਧਾਉਣ ਲਈ ਸਹਾਈ ਹੋਣਗੇ ਨਵੇਂ ਪ੍ਰਸ਼ਨ ਪੱਤਰ
ਕਰਮਜੀਤ ਸਿੰਘ ਚਿੱਲਾ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲੀ ਸਿੱਖਿਆ ਨੂੰ ਆਧੁਨਿਕ ਬਣਾਉਣ ਲਈ ਕਦਮ ਚੁੱਕਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਅਗਵਾਈ ਹੇਠ ਬੋਰਡ ਨੇ ਤਿੰਨ ਦਿਨਾਂ ਦੀ ਵਰਕਸ਼ਾਪ ਕਰਵਾਈ, ਜਿਸ ਵਿੱਚ 120 ਤੋਂ ਵੱਧ ਅਕਾਦਮਿਕ ਅਤੇ ਵਿਸ਼ਾ-ਮਾਹਿਰਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿਚ ਸਿੱਖਿਆ ਵਿੱਚੋਂ ਰੱਟਾ ਰੁਝਾਨ ਨੂੰ ਘਟਾ ਕੇ ਵਿਦਿਆਰਥੀਆਂ ਵਿੱਚ ਸਮਰੱਥਾ-ਅਧਾਰਿਤ ਸਿੱਖਣ ਨੂੰ ਵਧਾਉਣਾ ਦਾ ਫੈਸਲਾ ਲਿਆ ਗਿਆ ਤਾਂ ਜੋ ਉਹ ਸੋਚਣ, ਸਮਝਣ, ਵਿਸ਼ਲੇਸ਼ਣ ਕਰਨ ਅਤੇ ਅਸਲੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਬਣ ਸਕਣ। ਵਰਕਸ਼ਾਪ ਦੌਰਾਨ ਸਕੂਲ ਬੋਰਡ ਨੇ ਰਿਵਾਈਜ਼ਡ ਬਲੂਮ ਟੈਕਸੋਨੋਮੀ ਅਨੁਸਾਰ ਪ੍ਰਸ਼ਨ ਪੱਤਰਾਂ ਦਾ ਨਵਾਂ ਫਾਰਮੈਟ ਜਾਰੀ ਕੀਤਾ। ਇਹ ਫਾਰਮੈਟ ਅਜਿਹੇ ਪ੍ਰਸ਼ਨਾਂ ’ਤੇ ਧਿਆਨ ਕੇਂਦਰਤ ਕਰੇਗਾ ਜੋ ਸਿਰਫ਼ ਯਾਦ ਕਰਨ ਦੀ ਥਾਂ ਵਿਦਿਆਰਥੀਆਂ ਦੀ ਸਮਝ, ਸੋਚ-ਵਿਚਾਰ ਅਤੇ ਸਿਰਜਣਾਤਮਕਤਾ ਦੀ ਜਾਂਚ ਕਰਨ।
ਇਸੇ ਲੜੀ ਤਹਿਤ ਹੁਣ ਸਾਰੇ ਪ੍ਰਸ਼ਨ ਪੱਤਰ ਸਪੱਸ਼ਟ ਬਲੂਪ੍ਰਿੰਟ ਅਤੇ ਆਈਟਮ ਮੈਟ੍ਰਿਕਸ ਦੇ ਅਧਾਰ ’ਤੇ ਤਿਆਰ ਕੀਤੇ ਜਾਣਗੇ। ਇਨ੍ਹਾਂ ਵਿੱਚ ਵਿਗਿਆਨ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿੱਚ ਅਸਲ ਜੀਵਨ ਨਾਲ ਜੁੜੇ ਪ੍ਰਸ਼ਨ ਵੀ ਸ਼ਾਮਲ ਹੋਣਗੇ। ਇਸ ਨਾਲ ਮੁਲਾਂਕਣ ਹੋਰ ਨਿਰਪੱਖ ਅਤੇ ਵਿਦਿਆਰਥੀਆਂ ਦੀ ਅਸਲੀ ਸਮਰੱਥਾ ਨੂੰ ਦਰਸਾਉਣ ਵਾਲਾ ਬਣੇਗਾ। ਇਹ ਸੁਧਾਰ ਲਗਪਗ 13,000 ਸਰਕਾਰੀ ਅਤੇ ਐਫੀਲਿਏਟਿਡ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ। ਵਰਕਸ਼ਾਪ ਵਿੱਚ ਅਤੇ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਦੇ ਮਾਹਿਰਾਂ ਨੇ ਆਧੁਨਿਕ ਸਿਖਲਾਈ ਅਤੇ ਮੁਲਾਂਕਣ ਤਕਨੀਕਾਂ ਬਾਰੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਪੂਰੇ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਪਹਿਲਕਦਮੀ ਅਧਿਆਪਕਾਂ ਦੀ ਟ੍ਰੇਨਿੰਗ ਮਜ਼ਬੂਤ ਕਰਨ, ਪਾਠਕ੍ਰਮ ਨੂੰ ਆਧੁਨਿਕ ਬਣਾਉਣ ਅਤੇ ਮੁਲਾਂਕਣ ਪ੍ਰਣਾਲੀ ਨੂੰ ਹੋਰ ਬਿਹਤਰ ਕਰਨ ਵੱਲ ਬੋਰਡ ਦਾ ਮਹੱਤਵਪੂਰਨ ਕਦਮ ਹੈ, ਜਿਸ ਨਾਲ ਪੰਜਾਬ ਦੇ ਵਿਦਿਆਰਥੀ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਹੋਣਗੇ।
ਉੱਦਮਤਾ ਪਾਠਕ੍ਰਮ ਨਾਲ ਨੌਕਰੀਆਂ ਦੇਣ ਵਾਲੇ ਬਣਨਗੇ ਵਿਦਿਆਰਥੀ: ਬੈਂਸ
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਲਈ ਉੱਦਮਤਾ (ਐਂਟਰਪ੍ਰੀਨਿਓਰਸ਼ਿਪ) ਪਾਠਕ੍ਰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਸਵੈ-ਨਿਰਭਰਤਾ ਅਤੇ ਨੌਕਰੀਆਂ ਸਿਰਜਣ ਵਾਸਤੇ ਉਤਸ਼ਾਹਿਤ ਕਰੇਗਾ। -ਟਨਸ

